ਪੰਜਾਬ ਕੈਬਨਿਟ ਵਲੋਂ ਹੜ੍ਹ ਪ੍ਰਭਾਵਿਤ ਜ਼ਿਲਿਆਂ ਦੀ ਖਾਸ ਗਿਰਦਾਵਰੀ 15 ਅਗਸਤ ਤੱਕ ਕਰਵਾਉਣ ਦੀ ਮਨਜ਼ੂਰੀ,19 ਜ਼ਿਲ੍ਹਿਆਂ ਦੇ 1495 ਪਿੰਡ ਪ੍ਰਭਾਵਿਤ

ਪੰਜਾਬ ਕੈਬਨਿਟ ਵਲੋਂ ਹੜ੍ਹ ਪ੍ਰਭਾਵਿਤ ਜ਼ਿਲਿਆਂ ਦੀ ਖਾਸ ਗਿਰਦਾਵਰੀ 15 ਅਗਸਤ ਤੱਕ ਕਰਵਾਉਣ ਦੀ ਮਨਜ਼ੂਰੀ,19 ਜ਼ਿਲ੍ਹਿਆਂ ਦੇ 1495 ਪਿੰਡ ਪ੍ਰਭਾਵਿਤ

ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲਿਆਂ ਦੇ ਪੀੜਤਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਨੁਕਸਾਨ ਦੇ ਅੰਦਾਜ਼ੇ ਅਤੇ ਲੋਕਾਂ ਦੇ ਹੋਏ ਨੁਕਸਾਨ ਦੇ ਇਕ-ਇਕ ਪੈਸੇ ਦੀ ਪੂਰਤੀ ਕਰਨ ਲਈ 15 ਅਗਸਤ ਤੱਕ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੀ ਸਹਿਮਤੀ ਦੇ ਦਿੱਤੀ।ਇਸ ਸਬੰਧੀ ਫੈਸਲਾ ਇਥੇ ਸ਼ਨੀਵਾਰ ਨੂੰ ਪੰਜਾਬ ਸਿਵਲ ਸਕੱਤਰੇਤ-1 ਵਿਖੇ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ।

ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਬਨਿਟ ਦਾ ਮੰਨਣਾ ਸੀ ਕਿ ਸੂਬੇ ਦੇ 19 ਜ਼ਿਲਿਆਂ ਦੇ 1495 ਪਿੰਡ ਸਭ ਤੋਂ ਵੱਧ ਪ੍ਰਭਾਵਿਤ ਸਨ। ਰਿਪੋਰਟਾਂ ਮੁਤਾਬਕ ਹੜ੍ਹਾਂ ਕਾਰਣ 44 ਵਿਅਕਤੀਆਂ ਦੀ ਜਾਨ ਗਈ, 22 ਜ਼ਖ਼ਮੀ ਹੋਏ, 391 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਤੇ 878 ਦਾ ਅੰਸ਼ਕ ਨੁਕਸਾਨ ਹੋਇਆ ਅਤੇ 1277 ਵਿਅਕਤੀ ਹਾਲੇ ਵੀ 159 ਰਾਹਤ ਕੈਂਪਾਂ ਵਿਚ ਰਹਿ ਰਹੇ ਹਨ। 

ਪੰਜਾਬ ਸਰਕਾਰ ਨੇ ਲੋਕਾਂ ਦੇ ਨੁਕਸਾਨ ਦੀ ਭਰਪਾਈ ਲਈ ਖਾਸ ਗਿਰਦਾਵਰੀ 15 ਅਗਸਤ ਤੱਕ ਪੂਰੀ ਤਰਨ ਦਾ ਦਾਅਵਾ ਕੀਤਾ ਜਦੋਂ ਕਿ ਵਿਰੋਧੀ ਧਿਰ ਦੇ ਨੇਤਾ ਸਹੀ ਤਰੀਕੇ ਨਾਲ ਗਿਰਦਾਵਰੀ ਨਾ ਹੋਣ ਦੀ ਗੱਲ ਕਹਿ ਚੁੱਕੇ ਹਨ। ਫਿਲਹਾਲ ਮੀਂਹ ਪੈ ਰਿਹਾ ਹੈ। ਇਸ ਨਾਲ ਪਿੰਡਾਂ ਵਿਚ ਹਾਲਾਤ ਬੇਹੱਦ ਖਰਾਬ ਹਨ। ਖਾਸ ਤੌਰ ‘ਤੇ ਸਤਲੁਜ ਤੇ ਹੋਰ ਨਦੀਆਂ ਕੋਲ ਪਿੰਡਾਂ ਵਿਚ ਪਾਣੀ ਭਰ ਗਿਆ ਹੈ। ਸਾਰੇ ਲੋਕਾਂ ਦੀ ਸਹੀ ਸਥਿਤੀ ਲਈ ਗਿਰਦਾਵਰੀ ਕਰ ਸਕਣ ਵਿਚ ਚੁਣੌਤੀ ਖੜ੍ਹੀ ਰਹੇਗੀ।

ਮੁੱਖ ਮੰਤਰੀ ਮਾਨ ਸਣੇ ਹੋਰ ਮੰਤਰੀ ਤੇ ਵਿਧਾਇਕਾਂ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਚੁੱਕੇ ਹਨ। ਕਾਂਗਰਸ ਤੇ ਭਾਜਪਾ ਨੇਤਾਵਾਂ ਨੇ ਵੀ ਆਪਣੇ-ਆਪਣੇ ਹਲਕੇ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਨਾਲ ਹੀ ਸਿਆਸੀ ਦਲ ਦੇ ਪ੍ਰਧਾਨ ਤੇ ਵਫਦ ਹੜ੍ਹ ਨਾਲ ਸੂਬੇ ਦੇ ਨੁਕਸਾਨ ਦੀ ਭਰਪਾਈ ਸਬੰਧੀ ਕੇਂਦਰ ਸਰਕਾਰ ਤੋਂ ਮਦਦ ਲਈ ਰਾਜਪਾਲ ਪੁਰੋਹਿਤ ਨਾਲ ਮੀਟਿੰਗ ਕਰ ਚੁੱਕੇ ਹਨ।