- Updated: March 03, 2025 03:29 PM
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਹੋਈ, ਜਿਸ ਦੌਰਾਨ ਕਈ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਮਗਰੋਂ ਹੋਏ ਫ਼ੈਸਲਿਆਂ ਬਾਰੇ ਜਾਣਕਾਰੀ ਦੇਣ ਲਈ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਅਤੇ ਸੰਸਦ ਮੈਂਬਰ ਸੰਜੀਵ ਅਰੋੜਾ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਮੀਡੀਆ ਨੂੰ ਸੰਬੋਧਨ ਕਰਦਿਆਂ ਤਰੁਣਪ੍ਰੀਤ ਸੌਂਦ ਨੇ ਕਿਹਾ ਕਿ ਸੂਬੇ ਦੇ ਸਨਅਤਕਾਰਾਂ ਲਈ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ।
ਪੰਜਾਬ ਸਰਕਾਰ ਨੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ 2 ਓ. ਟੀ. ਐੱਸ. ਸਕੀਮਾਂ ਨੂੰ ਕੈਬਨਿਟ 'ਚ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ 'ਚੋਂ ਪਹਿਲੀ ਸਕੀਮ ਲੈਂਡ ਇਨਹਾਂਸਮੈਂਟ ਸਕੀਮ ਹੈ। ਇਸ ਸਕੀਮ ਤਹਿਤ ਬਕਾਏ 'ਤੇ ਸਿਰਫ 8 ਫ਼ੀਸਦੀ ਵਿਆਜ ਲਾਇਆ ਜਾਵੇਗਾ। ਇਸ ਦੇ ਨਾਲ ਹੀ ਕੰਪਾਊਂਡਿੰਗ ਵਿਆਜ ਅਤੇ ਪੈਨਲਟੀ ਮੁਆਫ਼ ਕਰ ਦਿੱਤੀ ਗਈ ਹੈ।
ਦੂਜੀ ਯੋਜਨਾ ਪ੍ਰਿੰਸੀਪਲ ਅਮਾਊਂਟ ਨਾਲ ਜੁੜੀ ਓ. ਟੀ. ਐੱਸ. ਸਕੀਮ ਹੈ। ਇਸ 'ਚ ਵੀ ਸਿਰਫ 8 ਫ਼ੀਸਦੀ ਵਿਆਜ ਦੇਣਾ ਪਵੇਗਾ। ਲੋਕਾਂ ਦੀ ਸਹੂਲਤ ਲਈ 2 ਹੈਲਪ ਕਾਊਂਟਰ ਵੀ ਸਥਾਪਿਤ ਕੀਤੇ ਜਾਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਘੱਟੋ-ਘੱਟ 4 ਹਜ਼ਾਰ ਲੋਕਾਂ ਨੂੰ ਲਾਭ ਮਿਲੇਗਾ। ਦੋਵੇਂ ਓ. ਟੀ. ਐੱਸ. ਸਕੀਮਾਂ 31 ਦਸੰਬਰ, 2025 ਤੱਕ ਲਾਗੂ ਰਹਿਣਗੀਆਂ। ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪਹਿਲ ਸੂਬੇ ਦੇ ਉਦਯੋਗ ਨੂੰ ਭਾਰਤ 'ਚ ਇਕ ਨੰਬਰ 'ਤੇ ਲੈ ਕੇ ਆਉਣਾ ਹੈ ਅਤੇ ਇਸ ਲਈ ਵੱਖ-ਵੱਖ ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ।