ਮੰਦਭਾਗੀ ਖ਼ਬਰ: ਦੁਬਈ ਵਿੱਚ ਪੰਜਾਬੀ ਵਿਅਕਤੀ ਦੀ ਮੌਤ, ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟਿਆ

ਮੰਦਭਾਗੀ ਖ਼ਬਰ: ਦੁਬਈ ਵਿੱਚ ਪੰਜਾਬੀ ਵਿਅਕਤੀ ਦੀ ਮੌਤ, ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟਿਆ

ਦੁਬਈ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਸੁਲਤਾਨਪੁਰ ਲੋਧੀ ਦੇ ਪਿੰਡ ਮੋਠਾਂਵਾਲ ਨੇੜੇ ਡਡਵਿੰਡੀ ਦੇ ਰਹਿਣ ਵਾਲੇ ਸ਼ਾਮ ਲਾਲ ਹੀਰ ਦੀ ਘਰ ਤੋਂ ਕੰਮ 'ਤੇ ਜਾਂਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਥੇ ਦੱਸਣਯੋਗ ਹੈ ਕਿ ਸ਼ਾਮ ਲਾਲ ਨੇ ਆਪਣੇ ਘਰ ਵਾਪਸ ਪਰਤਣ ਲਈ ਮਿਤੀ 28 ਫਰਵਰੀ ਨੂੰ ਟਿਕਟ ਵੀ ਬੁੱਕ ਕਰਵਾਈ ਹੋਈ ਸੀ ਪਰ ਉਸੇ ਦਿਨ ਈਰਾਨ ਵੱਲੋਂ ਦੁਬਈ 'ਤੇ ਕੀਤੇ ਗਏ ਹਮਲੇ ਕਾਰਨ ਸਾਰੀਆਂ ਫਲਾਈਟਾਂ ਰੱਦ ਹੋ ਗਈਆਂ ਅਤੇ ਉਹ ਕਈ ਦਿਨਾਂ ਤੋਂ ਵਾਪਸ ਆਪਣੇ ਘਰ ਪਰਤਣ ਦੀ ਉਡੀਕ ਵਿੱਚ ਸੀ।

ਮਿਤੀ 28 ਫਰਵਰੀ ਨੂੰ ਦੁਬਈ ਦੇ ਏਅਰਪੋਰਟ ’ਤੇ ਫਸੇ ਹੋਏ ਵੱਖ-ਵੱਖ ਦੇਸ਼ਾਂ ਦੇ ਯਾਤਰੀਆਂ ਨਾਲ ਮ੍ਰਿਤਕ ਸ਼ਾਮ ਲਾਲ ਹੀਰ ਦੀ ਵੀ ਵੀਡੀਓ ਵਾਇਰਲ ਹੋਈ ਸੀ। ਉਸ ਦਿਨ ਤੋਂ ਹੀ ਉਹ ਸਦਮੇ ਵਿਚ ਸੀ ਕਿ ਕਦੋਂ ਉਸ ਨੂੰ ਦੋਬਾਰਾ ਟਿਕਟ ਮਿਲੇ ਅਤੇ ਉਹ ਆਪਣੇ ਘਰ ਪਰਿਵਾਰ 'ਚ ਵਾਪਸ ਪਰਤ ਆਵੇ। ਉਸ ਦਿਨ ਤੋਂ ਹੀ ਸ਼ਾਮ ਲਾਲ ਹੀਰ ਸਦਮੇ 'ਚ ਸੀ ਅਤੇ ਉਸ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਕਿਹਾ ਸੀ ਕਿ ਜਿਵੇਂ ਹੀ ਫਲਾਈਟਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਮੈਂ ਵਾਪਸ ਆ ਜਾਵਾਂਗਾ।

ਇਕ ਮਹੀਨੇ ਤੋਂ ਵੱਧ ਸਮਾਂ ਹੋਣ ਤੋਂ ਬਾਅਦ ਵੀ ਉਸ ਦੀ ਵਾਰੀ ਨਹੀਂ ਆਈ ਅਤੇ ਉਹ ਸਦਮੇ ਵਿਚ ਚਲਾ ਗਿਆ ਸੀ, ਜਿਸ ਕਰਕੇ ਕੱਲ੍ਹ ਕੰਮ ’ਤੇ ਜਾਂਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਹਸਪਤਾਲ ਵਿਚ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਪਿੱਛੇ ਪਰਿਵਾਰਿਕ ਮੈਂਬਰਾਂ ਉੱਤੇ ਦੁੱਖ਼ਾਂ ਦਾ ਪਹਾੜ ਟੁੱਟ ਪਿਆ ਹੈ ਕਿਉਂਕਿ ਸ਼ਾਮਲਾਲ ਹੀਰ ਦੀ ਕਮਾਈ ਸਦਕਾ ਹੀ ਪਿੱਛੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਹੁਣ ਉਸ ਦੀ ਮੌਤ ਹੋਣ ਨਾਲ ਘਰ ਵਿਚ ਕੋਈ ਵੀ ਕਮਾਈ ਦਾ ਸਾਧਨ ਨਹੀਂ ਰਿਹਾ।

ਦੱਸਣਯੋਗ ਹੈ ਕਿ 6 ਸਾਲ ਪਹਿਲਾਂ ਸ਼ਾਮ ਲਾਲ ਹੀਰ ਦੀ ਭਰ ਜਵਾਨ ਬੇਟੀ ਜੋ ਅਧਿਆਪਕ ਦਾ ਕੰਮ ਕਰਦੀ ਸੀ, ਸੜਕ ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋ ਗਈ ਸੀ। ਹੁਣ ਉਸ ਦੇ ਘਰ ਵਿਚ ਉਸ ਦੀ ਪਤਨੀ ਅਤੇ ਉਸ ਦਾ ਇਕ ਨੌਜਵਾਨ ਬੇਟਾ ਹੈ, ਜੋ ਬੇਰੁਜ਼ਗਾਰ ਹੈ, ਦਾ ਇਹ ਲੜਕਾ ਕਬੱਡੀ ਦਾ ਹੋਣਹਾਰ ਖਿਡਾਰੀ ਹੈ। ਪਰਿਵਾਰ ਵੱਲੋਂ ਮ੍ਰਿਤਕ ਦੇ ਪੁੱਤਰ ਨੂੰ ਹਮਦਰਦੀ ਦੇ ਆਧਾਰ ’ਤੇ ਪੰਜਾਬ ਪੁਲਸ 'ਚ ਜਾਂ ਫਿਰ ਕਿਸੇ ਹੋਰ ਸਰਕਾਰੀ ਅਦਾਰੇ ਵਿਚ ਨੌਕਰੀ ਦੇਣ ਲਈ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਤਾਂ ਜੋ ਇਹ ਗ਼ਰੀਬ ਪਰਿਵਾਰ ਆਪਣਾ ਜੀਵਨ ਨਿਰਬਾਹ ਕਰ ਸਕੇ।