- Updated: August 24, 2026 04:26 PM
ਬਟਾਲਾ 'ਚ ਬੀਤੀ ਰਾਤ ਮੈਡੀਕਲ ਸਟੋਰ ਮਾਲਕ ਦੇ ਘਰ 'ਤੇ ਗੋਲੀ ਚਲਾਈ ਗਈ। ਗਨੀਮਤ ਰਹੀ ਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਤੋਂ ਪਹਿਲਾਂ ਬੀਤੀ ਦੁਪਹਿਰ ਗੈਂਗਸਟਰ ਦੇ ਗੁਰਗੇ ਵੱਲੋਂ ਇਸੇ ਮੈਡੀਕਲ ਸਟੋਰ ਮਾਲਕ ਸੰਦੀਪ ਕੁਮਾਰ ਨੂੰ ਦੁਕਾਨ 'ਤੇ ਆ ਕੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਪੁਲਸ ਵੱਲੋਂ ਦਿੱਤੇ ਗਏ ਸੁਰੱਖਿਆ ਕਰਮੀ ਦੀ ਮੁਸਤੈਦੀ ਕਾਰਨ ਫਾਇਰ ਮਿਸ ਹੋ ਗਿਆ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਸ਼ਾਮ ਵੇਲੇ ਸੰਦੀਪ ਕੁਮਾਰ ਦੇ ਘਰ ਦੀ ਰੇਕੀ ਕੀਤੀ ਅਤੇ ਦੇਰ ਰਾਤ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਘਰ ਦੇ ਬਾਹਰ ਫਾਇਰਿੰਗ ਕਰਕੇ ਫਰਾਰ ਹੋ ਗਏ। ਪੀੜਤ ਸੰਦੀਪ ਸ਼ਰਮਾ ਨੇ ਦੱਸਿਆ ਕਿ ਪਿਛਲੇ 8 ਮਹੀਨਿਆਂ ਤੋਂ ਉਹ ਆਪਣੇ ਕਾਰੋਬਾਰ 'ਤੇ ਨਹੀਂ ਜਾ ਸਕੇ ਅਤੇ ਬੱਚੇ ਵੀ ਸਕੂਲ ਨਹੀਂ ਜਾ ਰਹੇ। ਉਨ੍ਹਾਂ ਕਿਹਾ ਕਿ ਘਰ 'ਚ ਦਹਿਸ਼ਤ ਦਾ ਮਾਹੌਲ ਹੈ। ਵਿਦੇਸ਼ੀ ਨੰਬਰ ਤੋਂ ਫੋਨ 'ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ।ਦੂਜੇ ਪਾਸੇ ਪੁਲਸ ਜ਼ਿਲਾ ਬਟਾਲਾ ਦੇ ਡੀਐਸਪੀ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਰਾਤ ਨੂੰ ਵਾਰਦਾਤ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।