ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਸਿਆਸੀ ਵਾਪਸੀ! 2 ਹਫ਼ਤਿਆਂ ਬਾਅਦ ਮੁੜ ਸੰਭਾਲਣਗੇ ਮੋਰਚਾ

ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਸਿਆਸੀ ਵਾਪਸੀ! 2 ਹਫ਼ਤਿਆਂ ਬਾਅਦ ਮੁੜ ਸੰਭਾਲਣਗੇ ਮੋਰਚਾ

13 ਅਗਸਤ ਨੂੰ ਮਹਾਰਾਸ਼ਟਰ 'ਚ ਹੋਏ ਜਾਨਲੇਵਾ ਹਮਲੇ ਦੌਰਾਨ ਜ਼ਖ਼ਮੀ ਹੋਣ ਤੋਂ ਲਗਭਗ ਦੋ ਹਫ਼ਤਿਆਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੰਗਲਵਾਰ ਤੋਂ ਆਪਣੀਆਂ ਜਨਤਕ ਅਤੇ ਪਾਰਟੀ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਸੁਖਬੀਰ ਬਾਦਲ ਮੰਗਲਵਾਰ ਦੁਪਹਿਰ ਨੂੰ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਵਿਖੇ ਤਖ਼ਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਣਗੇ। ਇਸ ਦੌਰਾਨ ਉਨ੍ਹਾਂ ਨਾਲ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਆਗੂ ਅਤੇ ਵਰਕਰ ਮੌਜੂਦ ਰਹਿਣਗੇ। ਤਲਵੰਡੀ ਸਾਬੋ ਹਲਕੇ ਦੇ ਅਕਾਲੀ ਦਲ ਦੇ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਾਰਟੀ ਵਰਕਰ ਤਖ਼ਤ ਸਾਹਿਬ ਦੇ ਦੌਰੇ ਸਮੇਂ ਪਾਰਟੀ ਪ੍ਰਧਾਨ ਦੇ ਨਾਲ ਹੋਣਗੇ। ਰਵੀਪ੍ਰੀਤ ਨੇ ਕਿਹਾ ਕਿ ਮੱਥਾ ਟੇਕਣ ਮਗਰੋਂ ਸੁਖਬੀਰ ਬਾਦਲ ਪਿੰਡ ਸਥਿਤ ਆਪਣੇ ਘਰ ਜਾਣਗੇ।

ਪੰਜਾਬ ਬਚਾਓ ਰੈਲੀ 'ਚ ਹੋਣਗੇ ਸ਼ਾਮਲ 
ਸੂਤਰਾਂ ਮੁਤਾਬਕ ਸੁਖਬੀਰ ਬਾਦਲ ਬੁੱਧਵਾਰ ਨੂੰ ਮਲੋਟ ਵਿਖੇ ਪਾਰਟੀ ਦੀ 'ਪੰਜਾਬ ਬਚਾਓ ਰੈਲੀ' 'ਚ ਸ਼ਾਮਲ ਹੋਣਗੇ। ਯੂਥ ਅਕਾਲੀ ਦਲ ਨੇ ਉਨ੍ਹਾਂ ਦੇ ਸ਼ਹਿਰ ਪਹੁੰਚਣ 'ਤੇ ਸਵਾਗਤ ਕਰਨ ਲਈ ਇਕ ਰੋਡਸ਼ੋਅ ਦੀ ਯੋਜਨਾ ਬਣਾਈ ਹੈ। ਇਸ ਤੋਂ ਬਾਅਦ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਅੰਮ੍ਰਿਤਸਰ ਜਾਣਗੇ। ਉਨ੍ਹਾਂ ਦਾ 28 ਅਗਸਤ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਵਿਖੇ ਅਕਾਲੀ ਦਲ ਦੇ ਸਿਆਸੀ ਕਾਨਫ਼ਰੰਸ ਨੂੰ ਸੰਬੋਧਨ ਕਰਨ ਦਾ ਵੀ ਪ੍ਰੋਗਰਾਮ ਹੈ। ਫਿਲਹਾਲ ਸੁਖਬੀਰ ਬਾਦਲ ਦਿੱਲੀ ਵਿੱਚ ਮੌਜੂਦ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਗ਼ੈਰ-ਹਾਜ਼ਰੀ 'ਚ ਜਦੋਂ ਉਹ ਬਾਂਹ ਦੀ ਸੱਟ ਤੋਂ ਉਭਰ ਰਹੇ ਸਨ ਤਾਂ ਉਨ੍ਹਾਂ ਦੀ ਪਤਨੀ ਅਤੇ ਬਠਿੰਡਾ ਤੋਂ ਚਾਰ ਵਾਰ ਸੰਸਦ ਮੈਂਬਰ ਰਹੇ ਹਰਸਿਮਰਤ ਕੌਰ ਬਾਦਲ ਨੇ ਰੈਲੀਆਂ ਸਮੇਤ ਪਾਰਟੀ ਦੇ ਮੁੱਖ ਸਮਾਗਮਾਂ ਦੀ ਅਗਵਾਈ ਕੀਤੀ ਹੈ।