- Updated: April 27, 2026 04:00 PM
ਰਾਜਪੁਰਾ ਦੀ ਪਾਵਰਕਾਮ ਸਬ-ਅਰਬਨ ਉਪ ਮੰਡਲ ਵਿਖੇ ਬਤੌਰ ਸੀ.ਐੱਚ.ਬੀ. ਕਾਮੇ ਵਜੋਂ ਨੌਕਰੀ ਕਰਦੇ ਗੁਰਨੇਕ ਸਿੰਘ ਵਾਸੀ ਪਿੰਡ ਖੜੌਲੀ ਦੀ ਬੀਤੀ ਰਾਤ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਹ ਹਾਦਸਾ ਰਾਤ ਤਕਰੀਬਨ ਸਾਢੇ ਗਿਆਰਾਂ ਵਜੇ ਵਾਪਰਿਆ। ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਡਵੀਜ਼ਨ ਪ੍ਰਧਾਨ ਮਨਦੀਪ ਸਿੰਘ ਸੋਨੀ ਅਤੇ ਜਨਰਲ ਸਕੱਤਰ ਅਜੇ ਕੁਮਾਰ ਨੇ ਦੱਸਿਆ ਕਿ ਗੁਰਨੇਕ ਸਿੰਘ ਨੂੰ ਰਾਤ ਵੇਲੇ ਜੇ.ਈ. ਦਾ ਫ਼ੋਨ ਆਇਆ ਸੀ ਕਿ ਪਿੰਡ ਪਹਿਰ ਕਲਾਂ ਨੇੜੇ ਚੰਡੀਗੜ੍ਹ ਰੋਡ 'ਤੇ ਬਿਜਲੀ ਦੀ ਵੋਲਟੇਜ ਘੱਟ ਆ ਰਹੀ ਹੈ। ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਜਦੋਂ ਗੁਰਨੇਕ ਸਿੰਘ ਚੰਡੀਗੜ੍ਹ ਰੋਡ ਸਥਿਤ ਸ਼ਾਹੀ ਫ਼ਰਨੀਚਰ ਦੇ ਨੇੜੇ ਲੱਗੇ ਟ੍ਰਾਂਸਫ਼ਾਰਮਰ ਦਾ ਫ਼ਿਊਜ਼ ਲਗਾਉਣ ਲੱਗਾ, ਤਾਂ ਅਚਾਨਕ ਕਰੰਟ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਗੁਰਨੇਕ ਸਿੰਘ ਆਪਣੇ ਘਰ ਦਾ ਇਕੱਲਾ ਕਮਾਉਣ ਵਾਲਾ ਮੈਂਬਰ ਸੀ। ਉਨ੍ਹਾਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਜਥੇਬੰਦੀ ਸੰਘਰਸ਼ ਤੇਜ਼ ਕਰੇਗੀ।
ਦੂਜੇ ਪਾਸੇ, ਸੰਪਰਕ ਕਰਨ ’ਤੇ ਐੱਸ.ਡੀ.ਓ. ਪਵਨ ਕੁਮਾਰ ਨੇ ਦੱਸਿਆ ਕਿ ਉਕਤ ਮੁਲਾਜ਼ਮ ਦੀ ਡਿਊਟੀ ਸ਼ਾਮ 6 ਤੋਂ ਰਾਤ 2 ਵਜੇ ਤੱਕ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ਸਮੇਂ ਐੱਚ.ਟੀ. ਲਾਈਨ ਦਾ ਪਰਮਿਟ ਲਿਆ ਹੋਇਆ ਸੀ ਅਤੇ ਗ੍ਰਿੱਡ ਵਿਚੋਂ ਟ੍ਰਾਲੀ ਵੀ ਕੱਢੀ ਗਈ ਸੀ, ਇਸ ਦੇ ਬਾਵਜੂਦ ਕਰੰਟ ਕਿਵੇਂ ਆਇਆ, ਇਹ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਵਿਭਾਗ ਵੱਲੋਂ ਮੁਆਵਜ਼ੇ ਦਾ ਕੇਸ ਤਿਆਰ ਕੀਤਾ ਜਾ ਰਿਹਾ ਹੈ ਅਤੇ ਪਰਿਵਾਰ ਨੂੰ ਜਲਦ ਹੀ ਮੁਆਵਜ਼ਾ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ।