- Updated: September 29, 2025 06:57 PM
ਪੰਜਾਬ ਦੇ ਤਾਪਮਾਨ 'ਚ ਕੋਈ ਖਾਸ ਬਦਲਾਅ ਨਹੀਂ ਹੈ, ਪਰ ਆਉਣ ਵਾਲੇ ਦਿਨਾਂ 'ਚ ਵੱਡੀ ਰਾਹਤ ਦੀ ਉਮੀਦ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮਾਨਸੂਨ ਨੇ ਵਾਪਸੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਦੇ ਅਨੁਸਾਰ, ਆਉਣ ਵਾਲੇ ਕੁਝ ਦਿਨਾਂ 'ਚ ਮਾਨਸੂਨ ਪੂਰੀ ਤਰ੍ਹਾਂ ਸੂਬੇ ਨੂੰ ਛੱਡ ਦੇਵੇਗਾ। ਮੌਸਮ ਵਿਗਿਆਨ ਕੇਂਦਰ ਅਨੁਸਾਰ, ਸੂਬੇ 'ਚ ਸਭ ਤੋਂ ਵੱਧ ਤਾਪਮਾਨ ਲੁਧਿਆਣਾ ਦੇ ਸਮਰਾਲਾ 'ਚ 38.9 ਡਿਗਰੀ ਦਰਜ ਕੀਤਾ ਗਿਆ ਸੀ। ਦਿਨ ਦਾ ਤਾਪਮਾਨ ਆਮ ਦੇ ਨੇੜੇ ਹੈ, ਜਦਕਿ ਰਾਤਾਂ ਠੰਢੀਆਂ ਹੋਣੀ ਸ਼ੁਰੂ ਹੋ ਗਈਆਂ।
ਹਾਲਾਂਕਿ, ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਮੌਸਮ ਖੁਸ਼ਕ ਰਹੇਗਾ। ਹਾਲ ਹੀ ਦੇ ਮਾਨਸੂਨ ਸੀਜ਼ਨ ਦੌਰਾਨ ਰਾਜ 'ਚ ਨਮੀ 90 ਫੀਸਦੀ ਤੱਕ ਪਹੁੰਚ ਗਈ ਸੀ, ਪਰ ਹੁਣ ਇਹ 60 ਤੋਂ 80 ਫੀਸਦੀ ਦੇ ਵਿਚਕਾਰ ਹੈ। ਇਸਦਾ ਮਤਲਬ ਹੈ ਕਿ ਲੋਕਾਂ ਨੂੰ ਹੁਣ ਚਿਪਚਿਪੀ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਹੁਣ ਗਰਮੀ ਤੋਂ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਬੇਸ਼ੱਕ ਦਿਨ ਵੇਲੇ ਗਰਮੀ ਹੁੰਦੀ ਹੈ ਪਰ ਰਾਤਾਂ ਨੂੰ ਠੰਢ ਦਾ ਅਹਿਸਾਸ ਹੁੰਦਾ ਹੈ। ਮੌਸਮ ਵਿਭਾਗ ਅਨੁਸਾਰ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਹਲਕੀ ਠੰਢ ਮਹਿਸੂਸ ਹੋਵੇਗੀ, ਜੋ ਦਸੰਬਰ-ਜਨਵਰੀ 'ਚ ਚਰਮ 'ਤੇ ਪਹੁੰਚ ਕੇ 4 ਤੋਂ 6 ਡਿਗਰੀ ਤਾਪਮਾਨ ਤੱਕ ਘਟੇਗੀ।