ਕੈਨੇਡਾ ਵਿਚ ਸੜਕ ਹਾਦਸੇ ''ਚ ਪੰਜਾਬਣ ਦੀ ਹੋਈ ਮੌਤ, ਪਿਓ ਨੇ ਕਰਜ਼ਾ ਚੁੱਕ ਕੇ ਭੇਜਿਆ ਸੀ ਕੈਨੇਡਾ

ਕੈਨੇਡਾ ਵਿਚ ਸੜਕ ਹਾਦਸੇ ''ਚ ਪੰਜਾਬਣ ਦੀ ਹੋਈ ਮੌਤ, ਪਿਓ ਨੇ ਕਰਜ਼ਾ ਚੁੱਕ ਕੇ ਭੇਜਿਆ ਸੀ ਕੈਨੇਡਾ

ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ।

ਅਜਿਹੀ ਹੀ ਇਕ ਹੋਰ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਜਿਥੇ ਇਕ ਪੰਜਾਬਣ ਲੜਕੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਲਖਵਿੰਦਰ ਕੌਰ ਕੋਮਲ ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਸੁੱਖਾ ਚਿੱੜਾ, ਬਟਾਲਾ ਵਜੋਂ ਹੋਈ ਹੈ। ਕੋਮਲ 10 ਮਹੀਨੇ ਪਹਿਲਾਂ ਹੀ ਉਚੇਰੀ ਪੜ੍ਹਾਈ ਲਈ ਬਰੈਂਪਟਨ ਗਈ ਸੀ।

ਮਿਲੀ ਜਾਣਕਾਰੀ ਅਨੁਸਾਰ ਕਾਲਜ ਤੋਂ ਛੁੱਟੀਆਂ ਹੋਣ ਕਾਰਨ ਕੋਮਲ ਆਪਣੇ ਦੋਸਤਾਂ ਦਾ ਨਾਲ ਕਾਰ 'ਤੇ ਸਵਾਰ ਹੋ ਕੇ ਕਿਸੇ ਕੰਮ ਲਈ ਜਾ ਰਹੇ ਸਨ ਅਚਾਨਕ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਦਰੱਖਤਾਂ ਨਾਲ ਜਾ ਟਕਰਾਈ ਅਤੇ 8 ਫੁੱਟ ਡੂੰਘੇ ਟੋਏ 'ਚ ਜਾ ਡਿੱਗੇ। ਹਾਦਸੇ ਵਿਚ ਕੋਮਲ ਸਮੇਤ ਤਿੰਨ ਹੋਰ ਲੜਕੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਅਤੇ ਉਸ ਦੇ ਨਾਲ ਬੈਠਾ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ। ਲੜਕੀ ਕੋਮਲ ਦੀ ਮੌਤ ਨਾਲ ਪਿੰਡ ਸੁੱਖਾ ਚਿੱੜਾ 'ਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

ਇਸ ਮੌਕੇ ਸਮਾਜ ਸੇਵੀ ਬਲਦੇਵ ਸਿੰਘ ਬੱਲਾ ਸੁੱਖਾ ਚਿੱੜਾ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ ਪਿਤਾ ਦਿਹਾੜੀਦਾਰ ਹੈ। ਉਸ ਨੇ ਬਹੁਤ ਹੀ ਮਿਹਨਤ ਕਰਕੇ ਅਤੇ ਕੁਝ ਕਰਜ਼ਾ ਚੁੱਕ ਆਪਣੀ ਧੀ ਦਾ ਭਵਿੱਖ ਸਵਾਰਨ ਲਈ ਉਸ ਨੂੰ ਕਰੀਬ 10 ਮਹੀਨੇ ਪਹਿਲਾਂ ਹੀ ਕੈਨੇਡਾ ਪੜਾਈ ਕਰਨ ਲਈ ਭੇਜਿਆ ਸੀ। ਅਜੇ ਸਿਰਫ ਦੋ ਹੀ ਸਮੈਸਟਰ ਕਲੀਅਰ ਹੋਏ ਸਨ ਕਿ ਇਹ ਭਾਣਾ ਵਰਤ ਗਿਆ।