ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਮਿਲਿਆ 3 ਲੱਖ ਡਾਲਰ ਦਾ ਵਜ਼ੀਫ਼ਾ

 ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਮਿਲਿਆ 3 ਲੱਖ ਡਾਲਰ ਦਾ ਵਜ਼ੀਫ਼ਾ

ਦੁਨੀਆਂ ਭਰ ਵਿਚ ਵੱਸਦੇ ਪੰਜਾਬੀ ਅਪਣੇ ਹੁਨਰ ਅਤੇ ਪ੍ਰਾਪਤੀਆਂ ਨਾਲ ਪੰਜਾਬ ਦਾ ਨਾਂਅ ਰੌਸ਼ਨ ਕਰ ਰਹੇ ਹਨ। ਇਸ ਮਾਮਲੇ ਵਿਚ ਵਿਦਿਆਰਥੀ ਵੀ ਪਿੱਛੇ ਨਹੀਂ ਹਨ। ਕੈਨੇਡਾ ਵਿਚ 3 ਪੰਜਾਬੀ ਵਿਦਿਆਰਥੀਆਂ ਨੂੰ 3 ਲੱਖ ਡਾਲਰ ਯਾਨੀ ਕਰੀਬ ਇਕ ਕਰੋੜ 83 ਲੱਖ ਰੁਪਏ ਦਾ ਵਜ਼ੀਫ਼ਾ ਮਿਲਿਆ ਹੈ। ਕੈਨੇਡਾ ਦੇ ਵਿੱਦਿਅਕ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਨਾਮਵਰ ਸੰਸਥਾ ਲੋਰਨ ਸਕਾਲਰਜ਼ ਫਾਊਂਡੇਸ਼ਨ ਨੇ 12ਵੀਂ ਦੇ ਵਿਦਿਆਰਥੀ ਬਲਜੋਤ ਸਿੰਘ ਰਾਏ, ਸ਼ਰਈਆ ਜੈਨ ਅਤੇ ਐਸ਼ਲੇ ਸੱਭਰਵਾਲ ਦੀ ਚੋਣ ਕੀਤੀ ਹੈ।

ਬਲਜੋਤ ਸਿੰਘ ਰਾਏ ਸੇਂਟ ਪਾਲ ਹਾਈ ਸਕੂਲ ਦਾ ਵਿਦਿਆਰਥੀ ਹੈ ਅਤੇ ਉਹ ਵੰਨ ਇਨ ਆਲ ਪ੍ਰਾਜੈਕਟ ਦਾ ਸੰਸਥਾਪਕ ਵੀ ਹੈ। ਬਲਜੋਤ ਸਿੰਘ ਪਿਛਲੇ 4 ਸਾਲਾਂ ਤੋਂ ਮਨੁੱਖੀ ਅਧਿਕਾਰ ਕਲੱਬ ਨਾਲ ਵੀ ਜੁੜਿਆ ਹੋਇਆ ਹੈ। ਹੁਣ ਉਹ ਵੇਨਕੂਵਰ ਦੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵਿਖੇ ਇੰਟਰਫੇਥ ਸਟੱਡੀਜ਼ ਨਾਲ ਸਮੁੰਦਰੀ ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰਨ ਜਾ ਰਿਹਾ ਹੈ।

17 ਸਾਲਾ ਸ਼ਰਈਆ ਜੈਨ ਮੈਪਲ ਰਿੱਜ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ। ਉਹ ਅਪਣੇ ਸਕੂਲ ਦੀ ਡਿਬੇਟ ਦੀ ਸੰਸਥਾਪਕ ਹੈ ਅਤੇ ਹੁਣ ਉੱਚ ਸਿੱਖਿਆ ਲਈ ਗਣਿਤ ਦੀ ਪੜ੍ਹਾਈ ਕਰੇਗੀ। ਇਸੇ ਤਰ੍ਹਾਂ ਐਸ਼ਲੇ ਸੱਭਰਵਾਲ ਕਲੇਟਨ ਹਾਈਟਸ ਸੈਕੰਡਰੀ ਸਕੂਲ ਦਾ ਵਿਦਿਆਰਥੀ ਹੈ। ਦੱਸ ਦੇਈਏ ਕਿ ਲੋਰਨ ਵਜ਼ੀਫ਼ੇ ਲਈ ਕੈਨੇਡਾ ਦੇ 500 ਸਕੂਲਾਂ ਦੇ 5200 ਵਿਦਿਆਰਥੀਆਂ ਨੇ ਅਰਜ਼ੀਆਂ ਦਿਤੀਆਂ ਸਨ, ਇਨ੍ਹਾਂ ਵਿਚੋਂ 90 ਵਿਦਿਆਰਥੀ ਹੀ ਫਾਈਨਲ ਵਿਚ ਪਹੁੰਚੇ। ਇਨ੍ਹਾਂ ਵਿਚੋਂ 36 ਵਿਦਿਆਰਥੀ ਹੀ ਵਜ਼ੀਫਾ ਲੈਣ ਵਿਚ ਕਾਮਯਾਬ ਹੋਏ।