ਆਸਟਰੇਲੀਆ ’ਚ ਕਰੋੜਾਂ ਰੁਪਏ ਦੀ ਚੋਰੀ ਦੇ ਇਲਜ਼ਾਮ ’ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਆਸਟਰੇਲੀਆ ’ਚ ਕਰੋੜਾਂ ਰੁਪਏ ਦੀ ਚੋਰੀ ਦੇ ਇਲਜ਼ਾਮ ’ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਆਸਟ੍ਰੇਲੀਆ ਵਿੱਚ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਪੰਜਾਬੀ ਨੌਜਵਾਨ ਚੋਰੀ ਕਰਨ ਲੱਗ ਪਿਆ । ਉਸ ਨੇ ਇੱਕ-ਦੋ ਨਹੀਂ, ਬਲਕਿ 68 ਵਾਰ ਚੋਰੀ ਕਰ ਲਈ। ਹੁਣ ਆਸਟ੍ਰੇਲੀਆ ਦੀ ਵਿਕਟੋਰੀਆ ਪੁਲਿਸ ਨੇ ਉਸ ਨੂੰ ਇੱਕ ਕਰੋੜ ਰੁਪਏ ਦੇ ਸਾਮਾਨ ਚੋਰੀ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਜਾਂਚ ਵਿੱਚ ਪਤਾ ਲੱਗਾ ਕਿ ਉਸ ਉੱਤੇ 87 ਕੇਸ ਦਰਜ ਹੋ ਚੁੱਕੇ ਹਨ । ਮੁਲਜ਼ਮ ਨੌਜਵਾਨ ਪਿਛਲੇ 6 ਮਹੀਨਿਆਂ ਤੋਂ ਚੋਰੀ ਕਰ ਰਿਹਾ ਸੀ । ਉਸ ਨੇ ਸੁਪਰ ਮਾਰਕੀਟ ਸਟੋਰਾਂ ਤੋਂ ਇਲੈਕਟ੍ਰਿਕ ਟੂਥਬਰੱਸ ਤੋਂ ਲੈ ਕੇ ਰੇਜ਼ਰ, ਵਿਟਾਮਿਨ ਅਤੇ ਸਕਿਨਕੇਅਰ ਦੇ ਪ੍ਰੋਡਕਟ ਚੋਰੀ ਕੀਤੇ ਅਤੇ ਫਿਰ ਉਨ੍ਹਾਂ ਨੂੰ ਬਲੈਕ ਮਾਰਕੀਟ ਵਿੱਚ ਵੇਚ ਦਿੱਤਾ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਿਸ ਗੈਂਗ ਨਾਲ ਉਹ ਜੁੜਿਆ ਹੋਇਆ ਸੀ, ਉਸ ਦੇ 31 ਲੋਕ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ । ਵਿਕਟੋਰੀਆ ਪੁਲਿਸ ਨੇ ਇਸ ਨੂੰ 'ਆਪਰੇਸ਼ਨ ਸੁਪਰਨੋਵਾ' ਦਾ ਨਾਮ ਦਿੱਤਾ ਹੈ। ਇਸ ਨੂੰ ਚੋਰੀ ਨਾਲ ਸਬੰਧਤ ਚਲਾਏ ਗਏ ਸਭ ਤੋਂ ਵੱਡੇ ਆਪਰੇਸ਼ਨ ਵਜੋਂ ਮੰਨਿਆ ਜਾ ਰਿਹਾ ਹੈ। 
ਵਿਕਟੋਰੀਆ ਪੁਲਿਸ ਅਨੁਸਾਰ ਨੌਜਵਾਨ ਦੀ ਉਮਰ 39 ਸਾਲ ਹੈ । ਉਹ ਸਟੱਡੀ ਵੀਜ਼ਾ ’ਤੇ ਵਿਦਿਆਰਥੀ ਬਣ ਕੇ ਭਾਰਤ ਤੋਂ ਆਸਟ੍ਰੇਲੀਆ ਆਇਆ ਸੀ । ਜਦੋਂ ਉਸ ਦਾ ਵੀਜ਼ਾ ਖਤਮ ਹੋ ਗਿਆ ਤਾਂ ਭਾਰਤ ਵਾਪਸ ਜਾਣ ਦੀ ਬਜਾਏ ਉਹ ਆਸਟ੍ਰੇਲੀਆ ਵਿੱਚ ਹੀ ਛੁਪ ਕੇ ਰਹਿਣ ਲੱਗ ਪਿਆ। ਉਹ ਦਿਨ ਵੇਲੇ ਲੁਕਿਆ ਰਹਿੰਦਾ ਅਤੇ ਰਾਤ ਨੂੰ ਚੋਰੀ ਕਰਨ ਲਈ ਨਿਕਲਦਾ ਸੀ। ਚੋਰੀ ਕਰਨ ਤੋਂ ਬਾਅਦ ਉਹ ਫਿਰ ਲੁਕ ਜਾਂਦਾ ਸੀ । ਚੋਰੀ ਲਈ ਉਹ ਇੱਕ ਗੈਂਗ ਨਾਲ ਵੀ ਜੁੜ ਗਿਆ ਤਾਂ ਕਿ ਚੋਰੀ ਦਾ ਮਾਲ ਵੇਚਣ ਵਿੱਚ ਕੋਈ ਔਖ ਨਾ ਆਵੇ। ਉਥੇ ਹੀ ਜੇਕਰ ਚੋਰੀ ਕਰਦਿਆਂ ਫਸ ਜਾਵੇ ਤਾਂ ਗੈਂਗ ਉਸ ਨੂੰ ਬਚਾ ਸਕੇ।

ਵਿਕਟੋਰੀਆ ਪੁਲਿਸ ਅਨੁਸਾਰ ਉਨ੍ਹਾਂ ਨੂੰ ਇੱਕ ਚੋਰ ਨੈਟਵਰਕ ਦੇ ਐਕਟਿਵ ਹੋਣ ਬਾਰੇ ਖ਼ਬਰ ਮਿਲੀ ਸੀ । ਜੋ ਲਗਾਤਾਰ ਸਾਮਾਨ ਚੋਰੀ ਕਰਕੇ ਉਸ ਨੂੰ ਅੱਗੇ ਵੇਚ ਰਿਹਾ ਸੀ। ਉਨ੍ਹਾਂ ਨੂੰ ਫੜਨ ਲਈ ਆਪਰੇਸ਼ਨ ਚਲਾਇਆ ਗਿਆ। ਜਿਸ ਵਿੱਚ 30 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਤੋਂ ਪੁੱਛਗਿੱਛ ਵਿੱਚ ਪਤਾ ਲੱਗਾ ਕਿ ਇਹ ਪੂਰਾ ਨੈਟਵਰਕ ਹੈ। ਜਿਸ ਵਿੱਚ ਕਈ ਮੁਲਜ਼ਮ ਜੁੜੇ ਹੋਏ ਹਨ । ਇਹ ਨੈਟਵਰਕ ਸਾਮਾਨ ਚੁਰਾਉਣ ਤੋਂ ਬਾਅਦ ਉਸ ਨੂੰ ਬਲੈਕ ਮਾਰਕੀਟ ਵਿੱਚ ਵੇਚ ਕੇ ਮੋਟਾ ਪੈਸਾ ਕਮਾਉਂਦਾ ਸੀ । ਪੁਲਿਸ ਇੱਕ ਸਾਲ ਤੋਂ ਇਸ ਨੈਟਵਰਕ ਦੇ ਪਿੱਛੇ ਲੱਗੀ ਹੋਈ ਸੀ।

ਇਸੇ ਨੈਟਵਰਕ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ 18 ਅਪ੍ਰੈਲ ਨੂੰ ਮੈਲਬਰਨ ਦੇ ਸਨਸ਼ਾਈਨ ਵੈਸਟ ਵਿਖੇ ਇੱਕ ਘਰ ਵਿੱਚ ਸਵੇਰੇ ਛਾਪਾ ਮਾਰਿਆ । ਇਸ ਦੌਰਾਨ ਚੋਰੀ ਦੇ ਨੈਟਵਰਕ ਵਿੱਚ ਸ਼ਾਮਲ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਦਾ 31ਵਾਂ ਮੁਲਜ਼ਮ ਹੈ । ਇਸ ਤੋਂ ਪਹਿਲਾਂ ਕੁਝ ਲੋਕਾਂ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ ਜਦਕਿ 10 ਦੇ ਖਿਲਾਫ਼ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਪੁਲਿਸ ਨੇ ਉਸ ਦੀਆਂ ਚੋਰੀਆਂ ਦਾ ਕ੍ਰਿਮੀਨਲ ਰਿਕਾਰਡ ਇਕੱਠਾ ਕੀਤਾ। ਜਿਸ ਤੋਂ ਬਾਅਦ ਉਸ ਉੱਤੇ ਚੋਰੀ ਦੇ 68 ਅਤੇ ਚੋਰੀ ਦੀ ਕੋਸ਼ਿਸ਼ ਦੇ 19 ਕੇਸ ਦਰਜ ਕੀਤੇ ਗਏ ਹਨ। ਪੁਲਿਸ ਨੇ ਇਹ ਵੀ ਕਿਹਾ ਕਿ ਟ੍ਰਾਇਲ ਦੀ ਵਜ੍ਹਾ ਤੋਂ ਨੌਜਵਾਨ ਦਾ ਨਾਮ ਅਤੇ ਪਤਾ ਡਿਸਕਲੋਜ਼ ਨਹੀਂ ਕੀਤਾ ਜਾ ਰਿਹਾ।