ਮੰਦਭਾਗੀ ਖ਼ਬਰ: ਕੈਨੇਡਾ ’ਚ ਪੰਜਾਬੀ ਨੌਜੁਆਨ ਦੀ ਸੜਕ ਹਾਦਸੇ ’ਚ ਮੌਤ

ਮੰਦਭਾਗੀ ਖ਼ਬਰ: ਕੈਨੇਡਾ ’ਚ ਪੰਜਾਬੀ ਨੌਜੁਆਨ ਦੀ ਸੜਕ ਹਾਦਸੇ ’ਚ ਮੌਤ

ਪੰਜਾਬ ਦੇ ਨੌਜੁਆਨ ਰੁਜ਼ਗਾਰ ਤੇ ਪੜ੍ਹਾਈ ਦੀ ਭਾਲ ਵਿਚ ਵਿਦੇਸ਼ ਜਾ ਰਹੇ ਹਨ। ਮਾਪੇ ਵੀ ਅਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਉਨ੍ਹਾਂ ਦੀ ਰੀਝ ਪੂਰੀ ਕਰ ਰਹੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਵਿਦੇਸ਼ ਗਏ ਪੰਜਾਬੀ ਨੌਜੁਆਨ ਲਗਾਤਾਰ ਦਿਲ ਦਾ ਦੌਰਾ ਅਤੇ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਜਿਸ ਕਰ ਕੇ ਕਈ ਨੌਜੁਆਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। 

ਹੁਣ ਫਿਰ ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਪੰਜਾਬੀ ਨੌਜੁਆਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਦਸਿਆ ਜਾ ਰਿਹਾ ਹੈ ਕਿ ਵੈਨਕੂਵਰ ਦੀ ਮੇਨ ਸਟ੍ਰੀਟ ਅਤੇ ਈਸਟ 12 ਐਵੇਨਿਊ ਦੀ ਇੰਟਰਸੈਕਸ਼ਨ ’ਤੇ 31 ਜੁਲਾਈ ਸਵੇਰੇ 1:30 ਵਜੇ ਭਿਆਨਕ ਹਾਦਸਾ ਵਾਪਰਿਆ ਸੀ। ਜਿਸ ’ਚ ਦਿਲਪ੍ਰੀਤ ਸਿੰਘ ਗਰੇਵਾਲ (27) ਦੀ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ 17 ਸਾਲ ਦੇ ਕਲਾਸ 7 ਡਰਾਈਵਰ ਨੇ ਲਾਲ ਰੰਗ ਦੀ ਕੈਡੀਲੈਕ ਨਾਲ ਉਬਰ ਡਰਾਈਵਰ ਦਿਲਪ੍ਰੀਤ ਸਿੰਘ ਦੇ ਵਾਹਨ ਤੇ ਇਕ ਹੋਰ ਟੈਕਸੀ ’ਚ ਟੱਕਰ ਮਾਰੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਦਿਲਪ੍ਰੀਤ ਸਿੰਘ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ, ਜਦਕਿ ਬਾਕੀ 7 ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਿਕ ਇਸ ਮਾਮਲੇ ਦੀ ਅਪਰਾਧਿਕ ਜਾਂਚ ਕੀਤੀ ਜਾਵੇਗੀ। 

27 ਸਾਲਾ ਦਿਲਪ੍ਰੀਤ ਸਿੰਘ ਗਰੇਵਾਲ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਆਵਾ ਨਾਲ ਸਬੰਧਿਤ ਸੀ। ਮ੍ਰਿਤਕ ਨੌਜੁਆਨ ਦੇ ਰਿਸ਼ਤੇਦਾਰ ਨੇ ਦਸਿਆ ਕਿ ਦਿਲਪ੍ਰੀਤ ਸਾਲ 2015 ’ਚ ਬਤੌਰ ਸਟੂਡੈਂਟ ਕੈਨੇਡਾ ਆਇਆ ਸੀ ਅਤੇ ਹੁਣ ਰਾਈਡ ਹੇਲਿੰਗ ਡਰਾਈਵਰ ਸੀ। ਉਸ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਦਿਲਪ੍ਰੀਤ ਦੀ ਭੈਣ ਟੋਰਾਂਟੋ ਤੋਂ ਪਹੁੰਚੀ, ਜਦਕਿ ਉਸ ਦੇ ਮਾਪੇ ਭਾਰਤ ਤੋਂ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।