- Updated: July 31, 2026 06:29 PM
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਦੀ ਅਗਵਾਈ ਹੇਠ ਫਤਿਹਗੜ੍ਹ ਸਾਹਿਬ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਸਟੇਜ ਤੋਂ ਕਿਹਾ ਕਿ ਪ੍ਰਧਾਨਗੀ ਦਾ ਅਹੁਦਾ ਉਨ੍ਹਾਂ ਲਈ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਵਫ਼ਾਦਾਰੀ ਸਿਰਫ਼ ਪਾਰਟੀ ਪ੍ਰਤੀ ਹੋਣੀ ਚਾਹੀਦੀ ਹੈ, ਪ੍ਰਧਾਨਗੀ ਦਾ ਅਹੁਦਾ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਭਾਵੇਂ ਪਾਰਟੀ ਮੇਰਾ ਟਿਕਟ ਕੱਟ ਦੇਵੇ, ਪਰ ਮੈਂ ਕਾਂਗਰਸ ਤੋਂ ਕਿਸੇ ਪਾਸੇ ਨਹੀਂ ਜਾਵਾਂਗਾ।
ਰਾਜਾ ਵੜਿੰਗ ਨੇ ਕਿਹਾ ਕਿ ਮੈਂ 4 ਵਾਰ MLA ਅਤੇ ਇੱਕ ਵਾਰ MP ਬਣ ਚੁੱਕਾ ਹਾਂ, ਪਾਰਟੀ ਵਿਚ ਪ੍ਰਧਾਨਗੀ ਦਾ ਅਹੁਦਾ ਕੋਈ ਵੱਡੀ ਗੱਲ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਡਾ. ਅਮਰਨ ਸਿੰਘ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸਨ, ਪਰ ਅਮਰ ਸਿੰਘ ਨੇ ਪ੍ਰਪੋਜ਼ਲ ਮਨ੍ਹਾ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਕਈ ਲੀਡਰ ਆਪਣੀ ਮਿਹਨਤ ਕਰਕੇ ਅੱਗੇ ਆਏ ਹਨ।
ਰਾਜਾ ਵੜਿੰਗ ਨੇ ਕਿਹਾ ਕਿ ਪਹਿਲਾਂ ਫੌਜ ਬੰਦੂਗ ਤੇ ਟੈਂਕ ਨਾਲ ਲੜਦੀ ਸੀ, ਹੁਣ ਡਰੋਨ ਦਾ ਜ਼ਮਾਨਾ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਸਮੇਂ ਦੇ ਨਾਲ ਨਹੀਂ ਢਲਦੇ, ਤਾਂ ਅਸੀਂ ਧੋਖਾ ਖਾਵਾਂਗੇ। ਚੋਣਾਂ ਫ਼ੋਨ ‘ਤੇ ਲੜੀਆਂ ਜਾਂਦੀਆਂ ਹਨ। ਫੇਕ ਨਿਊਜ਼ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੀਆਂ ਹਨ। ਦੱਸ ਦੇਈਏ ਕਿ ਕਿ ਸੂਬਾ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਪੰਜਾਬ ਦੇ 10 ਦਿਨਾਂ ਦੇ ਦੌਰੇ ‘ਤੇ ਹਨ। ਉਹ ਬੂਥ ਪੱਧਰ ਤੋਂ ਫੀਡਬੈਕ ਇਕੱਠੇ ਕਰਨਗੇ ਅਤੇ ਜ਼ਮੀਨੀ ਹਕੀਕਤਾਂ ਦਾ ਮੁਲਾਂਕਣ ਕਰਨਗੇ। ਬਘੇਲ ਨੇ ਸਰਹਿੰਦ ਅਤੇ ਫਤਿਹਗੜ੍ਹ ਸਾਹਿਬ ਵਿੱਚ ਆਪਣੀ ਮੁਹਿੰਮ ਸ਼ੁਰੂ ਕੀਤੀ ਹੈ।