CM ਯੋਗੀ ਰਾਮ ਮੰਦਰ ਚੜ੍ਹਾਵਾ ਚੋਰੀ ਵਿਵਾਦ ਦਰਮਿਆਨ ਅਮਿਤ ਸ਼ਾਹ ਨੂੰ ਮਿਲੇ , ਕਰੀਬ 40 ਮਿੰਟ ਹੋਈ ਚਰਚਾ

CM ਯੋਗੀ ਰਾਮ ਮੰਦਰ ਚੜ੍ਹਾਵਾ ਚੋਰੀ ਵਿਵਾਦ ਦਰਮਿਆਨ ਅਮਿਤ ਸ਼ਾਹ ਨੂੰ ਮਿਲੇ , ਕਰੀਬ 40 ਮਿੰਟ ਹੋਈ ਚਰਚਾ

ਅਯੁੱਧਿਆ ਦੇ ਰਾਮ ਮੰਦਰ ਚੜ੍ਹਾਵਾ ਚੋਰੀ ਵਿਵਾਦ ਦਰਮਿਆਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿਚ ਮੁਲਾਕਾਤ ਕੀਤੀ। ਦੋਵਾਂ ਆਗੂਆਂ ਵਿਚਾਲੇ ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਮੰਦਰ ਦਾਨ ਚੋਰੀ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ ’ਤੇ ਹਮਲਾਵਰ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ ਹੀ ਦਿੱਲੀ ਪਹੁੰਚੇ ਹਨ। ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨਾਲ ਵੀ ਮੁਲਾਕਾਤ ਕਰਨ ਦੀ ਸੰਭਾਵਨਾ ਹੈ।

ਮੁੱਖ ਮੰਤਰੀ ਦੇ ਅਚਾਨਕ ਦਿੱਲੀ ਦੌਰੇ ਕਾਰਨ ਸਿਆਸੀ ਹਲਕਿਆਂ ਵਿਚ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਬੈਠਕਾਂ ਵਿਚ ਸੰਗਠਨ ਅਤੇ ਸੂਬੇ ਨਾਲ ਜੁੜੇ ਅਹਿਮ ਮੁੱਦਿਆਂ ਦੇ ਨਾਲ-ਨਾਲ ਆਗਾਮੀ ਸਿਆਸੀ ਪ੍ਰੋਗਰਾਮਾਂ ’ਤੇ ਵੀ ਚਰਚਾ ਹੋ ਸਕਦੀ ਹੈ। ਹਾਲਾਂਕਿ, ਬੈਠਕਾਂ ਦੇ ਏਜੰਡੇ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮੁੱਖ ਮੰਤਰੀ ਦੇ ਦਿੱਲੀ ਦੌਰੇ ’ਤੇ ਸਿਆਸੀ ਅਤੇ ਪ੍ਰਸ਼ਾਸਨਿਕ, ਦੋਵਾਂ ਪੱਧਰਾਂ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ।

ਸੂਤਰਾਂ ਮੁਤਾਬਕ, ਇਸ ਸੀਕਰੇਟ ਮੀਟਿੰਗ ਵਿਚ ਉੱਤਰ ਪ੍ਰਦੇਸ਼ ਨੂੰ ਲੈ ਕੇ ਇਕ ‘ਤਿੰਨ ਪੜਾਵੀ ਮੈਗਾ ਪਲਾਨ’ ਤਿਆਰ ਕੀਤਾ ਗਿਆ ਹੈ। ਹਾਲ ਹੀ ਵਿਚ ਹੋਏ ਯੂ. ਪੀ. ਕੈਬਨਿਟ ਵਿਸਥਾਰ ਤੋਂ ਬਾਅਦ ਸ਼ਾਹ ਨੇ ਸੀ. ਐੱਮ. ਯੋਗੀ ਨੂੰ ਪੂਰੀ ਤਰ੍ਹਾਂ ‘ਫ਼੍ਰੀ ਹੈਂਡ’ ਕਰ ਦਿੱਤਾ ਹੈ। ਸਪਾ ਦੇ ‘ਪੀ. ਡੀ. ਏ.’ (ਪਿਛੜਾ, ਦਲਿਤ, ਘੱਟਗਿਣਤੀ) ਕਾਰਡ ਨੂੰ ਕੱਟਣ ਲਈ ਭੂਪੇਂਦਰ ਚੌਧਰੀ ਅਤੇ ਮਨੋਜ ਪਾਂਡੇ ਵਰਗੇ ਦਿੱਗਜ ਆਗੂਆਂ ਅਤੇ ਗ਼ੈਰ-ਯਾਦਵ ਓ. ਬੀ. ਸੀ. ਤੇ ਦਲਿਤ ਚਿਹਰਿਆਂ ਨੂੰ ਜ਼ਮੀਨੀ ਪੱਧਰ ’ਤੇ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ। ਅਯੁੱਧਿਆ ਸਮੇਤ ਪੂਰੇ ਸੂਬੇ ਵਿਚ ਚੱਲ ਰਹੇ ਇਨਫਰਾਸਟਰੱਕਚਰ ਪ੍ਰਾਜੈਕਟਾਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਨਾ ਅਤੇ ਕਾਨੂੰਨ-ਵਿਵਸਥਾ ਦੇ ਮੁੱਦੇ ’ਤੇ ਜ਼ੀਰੋ ਟਾਲਰੈਂਸ ਦੀ ਨੀਤੀ ਨੂੰ ਹੋਰ ਹਮਲਾਵਰ ਬਣਾਇਆ ਜਾ ਰਿਹਾ ਹੈ।