ਪੰਜਾਬ ਦੇ ਅੰਮ੍ਰਿਤਸਰ ''ਚ ਸਰਪੰਚ ਤੋਂ 50 ਲੱਖ ਦੀ ਫਿਰੌਤੀ ਮੰਗੀ , ਨਾ ਦੇਣ ''ਤੇ ਘਰ ''ਚ ਸੁੱਟ''ਤਾ ਬੰਬ

ਪੰਜਾਬ ਦੇ ਅੰਮ੍ਰਿਤਸਰ ''ਚ ਸਰਪੰਚ ਤੋਂ 50 ਲੱਖ ਦੀ ਫਿਰੌਤੀ ਮੰਗੀ , ਨਾ ਦੇਣ ''ਤੇ ਘਰ ''ਚ ਸੁੱਟ''ਤਾ ਬੰਬ

ਅੰਮ੍ਰਿਤਸਰ ਦੇ ਪਿੰਡ ਸੁਦਾਰ 'ਚ ਬੀਤੀ ਰਾਤ ਕਰੀਬ 11 ਵਜੇ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਨਿਸ਼ਾਨ ਸਿੰਘ ਦੇ ਘਰ ਬਾਹਰ ਬੰਬ ਨੁਮਾ ਵਸਤੂ ਨਾਲ ਧਮਾਕਾ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਵਿੱਚ ਭਾਰੀ ਡਰ ਵੇਖਿਆ ਗਿਆ। ਜਾਣਕਾਰੀ ਅਨੁਸਾਰ ਸਰਪੰਚ ਤੋਂ ਕਾਫ਼ੀ ਸਮੇਂ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਰਕਮ ਨਾ ਦੇਣ ’ਤੇ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਬੀਤੀ ਰਾਤ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਬੰਬ ਨੁਮਾ ਚੀਜ਼ ਨਾਲ ਜ਼ੋਰਦਾਰ ਧਮਾਕਾ ਕਰਵਾਇਆ। ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਆਪਣੇ ਘਰਾਂ ਤੋਂ ਬਾਹਰ ਆ ਗਏ। ਘਟਨਾ ਵੇਲੇ ਪਰਿਵਾਰਕ ਮੈਂਬਰ ਘਰ ਅੰਦਰ ਮੌਜੂਦ ਸਨ, ਪਰ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਇਸ ਹਮਲੇ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਸਰਪੰਚ ਨਿਸ਼ਾਨ ਸਿੰਘ ਨੇ ਦੱਸਿਆ ਕਿ 9 ਤਾਰੀਖ ਦੀ ਦੁਪਹਿਰ ਉਨ੍ਹਾਂ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਧਮਕੀ ਭਰੀ ਕਾਲ ਆਈ ਸੀ। ਕਾਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਗੈਂਗਸਟਰ ਜੀਵਨ ਫੌਜੀ ਦੱਸਦਿਆਂ 50 ਲੱਖ ਰੁਪਏ ਦੀ ਫਿਰੌਤੀ ਮੰਗੀ। ਉਨ੍ਹਾਂ ਦੱਸਿਆ ਕਿ ਰਕਮ ਨਾ ਦੇਣ ਕਾਰਨ ਰਾਤ ਸਮੇਂ ਉਨ੍ਹਾਂ ਦੇ ਘਰ ਬਾਹਰ ਧਮਾਕਾ ਕਰਵਾਇਆ ਗਿਆ। ਸਰਪੰਚ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਵੀ ਮੁੜ ਕਾਲ ਕਰਕੇ ਧਮਕੀ ਦਿੱਤੀ ਗਈ ਕਿ ਦੋ ਦਿਨਾਂ ਅੰਦਰ ਪੈਸੇ ਚਾਹੀਦੇ ਹਨ। ਕਾਲਰ ਨੇ ਕਿਹਾ ਕਿ ਜੇਕਰ ਪੈਸੇ ਨਾ ਮਿਲੇ ਤਾਂ ਤੇਰੀ ਮੌਤ ਤੈਅ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।