- Updated: November 14, 2023 01:22 PM
ਕੇਰਲ ਦੇ ਪਥਾਨਾਮਥਿੱਟਾ ’ਚ ਗੋਦ ਲਈ ਨਾਬਾਲਗ ਧੀ ਨਾਲ ਇਕ ਸਾਲ ਤਕ ਜਬਰ-ਜ਼ਿਨਾਹ ਕਰਨ ਵਾਲੇ ਵਿਅਕਤੀ ਨੂੰ ਕੋਰਟ ਨੇ 109 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਪੰਡਾਲਮ ਦੇ ਕੁਰਮਪਾਲਾ ਦਾ ਰਹਿਣ ਵਾਲਾ 63 ਸਾਲਾ ਥਾਮਸ ਸੈਮੁਅਲ ਹੈ। ਅਦੂਰ ’ਚ ਫਾਸਟ ਟ੍ਰੈਕ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ ਵਿਚ ਸਜ਼ਾ ਸੁਣਾਈ ਹੈ ਅਤੇ ਨਾਲ ਹੀ ਉਸ ਉੱਪਰ 6.25 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਜੱਜ ਏ. ਸਮੀਰ ਨੇ ਹੁਕਮ ਦਿੱਤਾ ਕਿ ਜੁਰਮਾਨਾ ਨਾ ਦੇਣ ’ਤੇ ਸੈਮੁਅਲ ਨੂੰ 3 ਸਾਲ 2 ਮਹੀਨੇ ਦੀ ਹੋਰ ਕੈਦ ਭੁਗਤਣੀ ਪਵੇਗੀ। ਅਦਾਲਤ ਦੇ ਹੁਕਮ ਅਨੁਸਾਰ ਇਹ ਰਕਮ 12 ਸਾਲਾ ਪੀੜਤਾ ਨੂੰ ਸੌਂਪੀ ਜਾਵੇਗੀ।
ਪੁਲਸ ਅਨੁਸਾਰ ਕੁਝ ਸਾਲ ਪਹਿਲਾਂ ਮਾਤਾ-ਪਿਤਾ ਵਲੋਂ ਛੱਡੇ ਜਾਣ ਤੋਂ ਬਾਅਦ ਕੁੜੀ ਆਪਣੇ 2 ਭਰਾ-ਭੈਣਾਂ ਤੇ ਦਾਦੀ ਨਾਲ ਇੱਥੇ ਇਕ ਸਥਾਨਕ ਦੁਕਾਨ ਦੇ ਵਰਾਂਡੇ ਵਿਚ ਰਹਿ ਰਹੀ ਸੀ। ਉਸ ਦੀ ਮਾੜੀ ਹਾਲਤ ਬਾਰੇ ਜਾਣਨ ’ਤੇ ਬਾਲ ਕਲਿਆਣ ਪੈਨਲ ਨੇ ਉਸ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕੇ ਸਨ। ਤਿੰਨ ਭਰਾ-ਭੈਣਾਂ ਨੂੰ ਤਿੰਨ ਵੱਖ-ਵੱਖ ਪਰਿਵਾਰਾਂ ਨੇ ਗੋਦ ਲਿਆ ਸੀ। ਪੀੜਤਾ ਨੂੰ ਥਾਮਸ ਸੈਮੁਅਲ ਅਤੇ ਉਸ ਦੀ ਪਤਨੀ ਨੇ ਗੋਦ ਲਿਆ ਸੀ, ਜਿਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਮਾਰਚ 2021 ਤੋਂ ਲੈ ਕੇ ਮਈ 2022 ਤਕ ਥਾਮਸ ਨੇ ਨਾਬਾਲਗਾ ਦਾ ਕਈ ਵਾਰ ਸਰੀਰਕ ਸ਼ੋਸ਼ਣ ਕੀਤਾ ਅਤੇ ਬਾਅਦ ’ਚ ਉਸ ਨੇ ਬਾਲ ਕਲਿਆਣ ਪੈਨਲ ਕੋਲ ਨਾਬਾਲਗਾ ਦੀ ਕਸਟਡੀ ਵਾਪਸ ਲੈਣ ਦੀ ਬੇਨਤੀ ਕੀਤੀ। ਉਸ ਨੇ ਬਹਾਨਾ ਬਣਾਇਆ ਕਿ ਉਸ ਦੀ ਪਤਨੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਲਈ ਉਹ ਬੱਚੀ ਦੀ ਦੇਖਭਾਲ ਨਹੀਂ ਕਰ ਸਕਦਾ।
ਬਾਲ ਕਲਿਆਣ ਪੈਨਲ ਨੇ ਨਾਬਾਲਗਾ ਦੀ ਕਸਟਡੀ ਦੂਜੇ ਪਰਿਵਾਰ ਨੂੰ ਦੇ ਦਿੱਤੀ। ਪੀੜਤਾ ਜਦੋਂ ਦੂਜੇ ਪਰਿਵਾਰ ਨਾਲ ਰਹਿਣ ਲੱਗੀ ਤਾਂ ਉਸ ਨੇ ਆਪਣੇ ਨਾਲ ਹੋਏ ਜ਼ੁਲਮ ਦੀ ਗੱਲ ਉਸ ਪਰਿਵਾਰ ਨੂੰ ਦੱਸੀ। ਉਨ੍ਹਾਂ ਲੋਕਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੈਨਲ ਨੂੰ ਦਿੱਤੀ। ਤਾਂ ਕਿਤੇ ਜਾ ਕੇ ਨਾਬਾਲਗਾ ਦਾ ਜਿਨਸੀ ਸ਼ੋਸ਼ਣ ਹੋਣ ਦੀ ਗੱਲ ਦਾ ਖ਼ੁਲਾਸਾ ਹੋਇਆ। ਪੈਨਲ ਵਲੋਂ ਪੰਡਾਲਮ ਪੁਲਸ ਥਾਣੇ ’ਚ ਥਾਮਸ ਖ਼ਿਲਾਫ਼ ਕੇਸ ਦਰਜ ਕਰਾਇਆ ਗਿਆ ਸੀ।