ਭਾਰਤੀ ਵਿਦਿਆਰਥੀ 2022-23 ਦੌਰਾਨ ਰੀਕਾਰਡ ਗਿਣਤੀ ’ਚ ਉੱਚ ਸਿੱਖਿਆ ਲਈ ਪੁੱਜੇ ਅਮਰੀਕਾ: ਰਿਪੋਰਟ

ਭਾਰਤੀ ਵਿਦਿਆਰਥੀ 2022-23 ਦੌਰਾਨ ਰੀਕਾਰਡ ਗਿਣਤੀ ’ਚ ਉੱਚ ਸਿੱਖਿਆ ਲਈ ਪੁੱਜੇ ਅਮਰੀਕਾ: ਰਿਪੋਰਟ

ਉੱਚ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ 35 ਫ਼ੀਸਦੀ ਵਾਧਾ ਹੋਇਆ ਹੈ। ਅਕਾਦਮਿਕ ਸਾਲ 2022-23 'ਚ ਹੁਣ ਤੱਕ ਸਭ ਤੋਂ ਵੱਧ 2,68,923 ਵਿਦਿਆਰਥੀ ਅਮਰੀਕਾ ਗਏ ਹਨ। ਇਹ ਜਾਣਕਾਰੀ ਇਕ ਰਿਪੋਰਟ 'ਚ ਦਿੱਤੀ ਗਈ ਹੈ। ‘ਓਪਨ ਡੋਰਸ ਰਿਪੋਰਟ’ ਅਨੁਸਾਰ ਅਮਰੀਕਾ 'ਚ ਪੜ੍ਹ ਰਹੇ 10 ਲੱਖ ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ 'ਚੋਂ ਭਾਰਤੀ ਵਿਦਿਆਰਥੀਆਂ ਦੀ ਗਿਣਤੀ 25 ਫੀਸਦੀ ਤੋਂ ਵੱਧ ਹੈ ਅਤੇ ਇਸ ਸਾਲ ਵੀ ਰਿਕਾਰਡ ਗਿਣਤੀ ਵਿਚ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਗਏ।

ਭਾਰਤ 'ਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ, ''ਤੁਸੀਂ ਇਹ ਕਰ ਵਿਖਾਇਆ, ਭਾਰਤ! ਅਮਰੀਕਾ 'ਚ ਭਾਰਤੀ ਵਿਦਿਆਰਥੀ ਅਤੇ ਉਨ੍ਹਾਂ ਦੀ ਸਫ਼ਲਤਾ ਵਿਚ ਸਹਿਯੋਗ ਕਰਨ ਵਾਲੇ ਪਰਿਵਾਰ ਇਸ ਪ੍ਰਾਪਤੀ ਲਈ ਸਨਮਾਨ ਦੇ ਹੱਕਦਾਰ ਹਨ। ਵਿਦੇਸ਼ ਵਿਚ ਪੜ੍ਹਾਈ ਕਰਨ ਦਾ ਫ਼ੈਸਲਾ ਅਤੇ ਅਮਰੀਕਾ ਨੂੰ ਚੁਣਨਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਵਲੋਂ ਇਕ ਕੀਮਤੀ ਨਿਵੇਸ਼ ਨੂੰ ਦਰਸਾਉਂਦਾ ਹੈ। ਤੁਸੀਂ ਦੋਹਾਂ ਦੇਸ਼ਾਂ ਨੂੰ ਨੇੜੇ ਲਿਆ ਰਹੇ ਹੋ ਅਤੇ ਸਾਨੂੰ ਉੱਜਵਲ ਭਵਿੱਖ ਵੱਲ ਲੈ ਜਾ ਰਹੇ ਹੋ।” ਗਾਰਸੇਟੀ ਨੇ ਅੱਗੇ ਕਿਹਾ ਅਸੀਂ ਭਾਰਤੀ ਸਿੱਖਿਆ ਵਿਵਸਥਾ ਦੀ ਸ਼ਲਾਘਾ ਕਰਦੇ ਹਾਂ, ਜਿਸ ਨੇ ਵਿਦਿਆਰਥੀਆਂ ਨੂੰ ਗਲੋਬਲ ਪੱਧਰ 'ਤੇ ਮੁਕਾਬਲੇ ਲਈ ਤਿਆਰ ਕੀਤਾ। ਭਾਰਤ ਨੂੰ ਮੋਹਰੀ ਰਹਿੰਦੇ ਵੇਖਣ ਨੂੰ ਲੈ ਕੇ ਉਤਸੁਕ ਹਾਂ। 

ਓਪਨ ਡੋਰਸ ਰਿਪੋਰਟ ਦੇ ਅੰਕੜਿਆਂ ਅਨੁਸਾਰ ਭਾਰਤ ਨੇ 2009-10 ਤੋਂ ਬਾਅਦ ਪਹਿਲੀ ਵਾਰ ਅਮਰੀਕਾ 'ਚ ਵਿਦੇਸ਼ੀ ਗ੍ਰੈਜੂਏਟ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਬਣਨ ਦੇ ਮਾਮਲੇ 'ਚ ਚੀਨ ਨੂੰ ਪਛਾੜ ਦਿੱਤਾ। ਗ੍ਰੈਜੂਏਟ ਹੋਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 63 ਫੀਸਦੀ ਵਧ ਕੇ 1,65,936 ਹੋ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਲਗਭਗ 64,000 ਵਿਦਿਆਰਥੀਆਂ ਦਾ ਵਾਧਾ ਹੋਇਆ ਹੈ, ਜਦਕਿ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਵੀ 16 ਫੀਸਦੀ ਦਾ ਵਾਧਾ ਹੋਇਆ ਹੈ।