ਵਿਆਹ ਤੋਂ ਘਰ ਵਾਪਸ ਆ ਰਹੇ ਦੋਸਤਾਂ ਨਾਲ ਹੋਈ ਦੁਖਦਾਈ ਘਟਨਾ

ਵਿਆਹ ਤੋਂ ਘਰ ਵਾਪਸ ਆ ਰਹੇ ਦੋਸਤਾਂ ਨਾਲ ਹੋਈ ਦੁਖਦਾਈ ਘਟਨਾ

ਖੁਸ਼ੀਆਂ ਦੇ ਮਾਹੌਲ ਵਿਚ ਉਸ ਵੇਲੇ ਚੀਕ-ਚਿਹਾੜਾ ਮੱਚ ਗਿਆ ਜਦੋਂ ਇਕ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਦੋਸਤਾਂ ਦੀ ਕਾਰ ਨੂੰ ਇਕ ਟਰੱਕ ਨੇ ਆਪਣੀ ਲਪੇਟ ਵਿਚ ਲੈ ਲਿਆ। ਇਹ ਭਿਆਨਕ ਸੜਕ ਹਾਦਸਾ ਦਿੱਲੀ ਰੋਡ ਸਥਿਤ ਹੀਰੋ ਸਾਈਕਲ ਫੈਕਟਰੀ ਦੇ ਕੋਲ ਬਣੇ ਪੁਲ਼ ਦੇ ਉੱਪਰ ਹੋਇਆ। ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਦੋ ਦੋਸਤਾਂ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਫਰਾਰ ਮੁਲਜ਼ਮ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾ ਸਕੇ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।

ਜਾਣਕਾਰੀ ਮੁਤਾਬਕ ਮ੍ਰਿਤਕ ਰਵਿੰਦਰ ਰਾਜਪੂਤ (32) ਬੀਤੇ 29 ਅਪ੍ਰੈਲ ਨੂੰ ਆਪਣੇ ਸਹਿਕਰਮੀ ਮਨੋਜ ਸ਼੍ਰੀਵਾਸਤਵ ਦੇ ਬੇਟੇ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਪਣੇ ਦੋਸਤਾਂ ਨਾਲ ਆਲਟੋ ਕਾਰ 'ਤੇ ਸਵਾਰ ਹੋ ਕੇ ਚੰਡੀਗੜ੍ਹ ਰੋਡ ਸਥਿਤ ਵੀਰ ਪੈਲੇਸ ਗਿਆ ਸੀ। ਵਿਆਹ ਦੀਆਂ ਖੁਸ਼ੀਆਂ ਮਨਾ ਕੇ ਜਦੋਂ ਰਵਿੰਦਰ ਆਪਣੇ ਦੋਸਤ ਨਾਲ ਵਾਪਸ ਪਰਤ ਰਿਹਾ ਸੀ, ਤਾਂ ਜਿਵੇਂ ਹੀ ਉਨ੍ਹਾਂ ਦੀ ਕਾਰ ਹੀਰੋ ਸਾਈਕਲ ਫੈਕਟਰੀ ਦੇ ਸਾਹਮਣੇ ਦਿੱਲੀ ਰੋਡ ਪੁਲ 'ਤੇ ਪਹੁੰਚੀ, ਤਾਂ ਇਕ ਅਣਪਛਾਤੇ ਤੇਜ਼ ਰਫਤਾਰ ਟਰੱਕ ਨੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਉਨ੍ਹਾਂ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਉਸ ਵਿਚ ਸਵਾਰ ਰਵਿੰਦਰ ਰਾਜਪੂਤ ਅਤੇ ਆਦਰਸ਼ ਯਾਦਵ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਟਰੱਕ ਚਾਲਕ ਆਪਣੇ ਵਾਹਨ ਸਮੇਤ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਰਿਹਾ। ਰਾਹਗੀਰਾਂ ਅਤੇ ਪਰਿਵਾਰ ਵਾਲਿਆਂ ਦੀ ਮਦਦ ਨਾਲ ਲਹੂ-ਲੁਹਾਣ ਹਾਲਤ ਵਿਚ ਦੋਵਾਂ ਜ਼ਖਮੀਆਂ ਨੂੰ ਤੁਰੰਤ ਅਪੋਲੋ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦੇ ਹੋਏ 30 ਅਪ੍ਰੈਲ ਨੂੰ ਇਲਾਜ ਦੌਰਾਨ ਰਵਿੰਦਰ ਰਾਜਪੂਤ ਅਤੇ ਆਦਰਸ਼ ਯਾਦਵ ਦੀ ਮੌਤ ਹੋ ਗਈ।