ਅੱਜ ਸਫ਼ਾਈ ਸੇਵਕਾਂ ਵੱਲੋਂ ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ ‘ਪੰਜਾਬ ਬੰਦ’, ਜਥੇਬੰਦੀਆਂ ਵੱਲੋਂ ਬੰਦ ਦਾ ਸਮਰਥਨ ਕਰਨ ਦੀ ਅਪੀਲ

ਅੱਜ ਸਫ਼ਾਈ ਸੇਵਕਾਂ ਵੱਲੋਂ ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ ‘ਪੰਜਾਬ ਬੰਦ’, ਜਥੇਬੰਦੀਆਂ ਵੱਲੋਂ ਬੰਦ ਦਾ ਸਮਰਥਨ ਕਰਨ ਦੀ ਅਪੀਲ

ਬਰਨਾਲਾ ਵਿਚ ਸਫਾਈ ਕਾਮਿਆਂ ‘ਤੇ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਫਿਰ ਤੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਸ਼ਾਮ 4 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਈ ਜ਼ਿਲ੍ਹਿਆਂ ‘ਚ ਬੰਦ ਦਾ ਅਸਰ ਦਿਖਾਈ ਦੇ ਸਕਦਾ ਹੈ। ਜਥੇਬੰਦੀਆਂ ਵੱਲੋਂ ਸਕੂਲ, ਕਾਲਜ, ਮਾਲ ਤੇ ਹੋਰ ਸੰਸਥਾਨ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ।

ਬੰਦ ਦਾ ਅਸਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ। ਇਸ ਦੇ ਬਾਅਦ ਸਥਿਤੀ ਆਮ ਹੋਵੇਗੀ। ਲੁਧਿਆਣਾ, ਬਠਿੰਡਾ, ਹੁਸ਼ਿਆਰਪੁਰ, ਫਾਜ਼ਿਲਕਾ, ਕਪੂਰਥਲਾ, ਅੰਮ੍ਰਿਤਸਰ, ਪਟਿਆਲਾ, ਪਠਾਨਕੋਟ ਤੇ ਗੁਰਦਾਸਪੁਰ ਦੀਆਂ ਵੱਖ-ਵੱਖ ਸੰਸਥਾਵਾਂ ਨੇ ਬੰਦ ਦਾ ਸਮਰਥਨ ਕੀਤਾ ਹੈ। ਹਾਲਾਂਕਿ ਜਲੰਧਰ ਵਿਚ ਬੰਦ ਨਹੀਂ ਰਹੇਗਾ ਇਥੇ ਸਿਰਫ ਪ੍ਰਦਰਸ਼ਨ ਕੀਤਾ ਜਾਵੇਗਾ।

ਪ੍ਰਦਰਸ਼ਨਕਾਰੀਆਂ ਨੇ ਮਹਿਲਾ ਸਫਾਈ ਕਾਮਿਆਂ ਨਾਲ ਗਲਤ ਵਿਵਹਾਰ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਨੇ ਬਰਨਾਲਾ ਦੇ ਡੀਐੱਸਪੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਗੁਰਦਾਸਪੁਰ ਟ੍ਰੇਡ ਯੂਨੀਅਨ ਨੇ ਅੱਜ ਸਫਾਈ ਕਾਮਿਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਸਫਾਈ ਮੁਲਾਜ਼ਮ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ‘ਤੇ ਹਨ। ਸਵੇਰੇ ਤੋਂ ਸ਼ਾਮ 4 ਵਜੇ ਤੱਕ ਸ਼ਾਂਤੀਪੂਰਨ ਤਰੀਕੇ ਨਾਲ ਬਾਜ਼ਾਰ ਬੰਦ ਕਰਵਾਏ ਜਾਣਗੇ। ਲੋਕਾਂ ਤੋਂ ਵੀ ਅਪੀਲ ਹੈ ਕਿ ਬੰਦ ਵਿਚ ਸਹਿਯੋਗ ਦੇਣ। ਦੂਜੇ ਪਾਸੇ ਜਲੰਧਰ ਵਿਚ ਅੱਜ ਕਿਸੇ ਵੀ ਤਰ੍ਹਾਂ ਦਾ ਬੰਦ ਨਹੀਂ ਰੱਖਿਆ ਜਾਵੇਗਾ।

ਅੰਮ੍ਰਿਤਸਰ ਦੇ ਦੁਕਾਨਦਾਰਾਂ, ਉਦਯੋਗਪਤੀਆਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬੰਦ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਤੇ ਨਿਆਂ ਦੀ ਇਸ ਲੜਾਈ ਵਿਚ ਸਮਾਜ ਦੇ ਨਾਲ ਖੜ੍ਹੇ ਹੋਣ। ਉਨ੍ਹਾਂ ਕਿਹਾ ਕਿ ਬੰਦ ਦੌਰਾਨ ਹਸਪਤਾਲ, ਐਂਬੂਲੈਂਸ ਸੇਵਾਵਾਂ ਤੇ ਮੈਡੀਕਲ ਸਟੋਰ ਖੁੱਲ੍ਹੇ ਰਹਿਣਗੇ ਤਾਂ ਜੋ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਸਫਾਈ ਕਾਮਿਆਂ ਦੀ ਮੰਗ ਹੈ ਕਿ ਪੂਰੇ ਮਾਮਲੇ ਦੀ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਜਾਂਚ ਕਰਵਾਈ ਜਾਵੇ ਤੇ ਲਾਠੀਚਾਰਜ ਕਰਨ ਦੇ ਦੋਸ਼ੀਆਂ ‘ਤੇ ਕਾਨੂੰਨੀ ਕਾਰਵਾਈ ਹੋਵੇ।