ਸੰਜੇ ਸਿੰਘ ਤਿਹਾੜ ਜੇਲ ਤੋਂ ਪਹੁੰਚੇ ਅੰਮ੍ਰਿਤਸਰ;ਹੋਈ ਮਾਣਹਾਨੀ ਮਾਮਲੇ ਵਿਚ ਪੇਸ਼ੀ

ਸੰਜੇ ਸਿੰਘ ਤਿਹਾੜ ਜੇਲ ਤੋਂ ਪਹੁੰਚੇ ਅੰਮ੍ਰਿਤਸਰ;ਹੋਈ ਮਾਣਹਾਨੀ ਮਾਮਲੇ ਵਿਚ ਪੇਸ਼ੀ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ’ਤੇ ਨਸ਼ਾ ਤਸਕਰੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਸਬੰਧੀ ਦਾਇਰ ਮਾਣਹਾਨੀ ਦੇ ਕੇਸ ਦੀ ਸੁਣਵਾਈ ਲਈ ਸੰਸਦ ਮੈਂਬਰ ਸੰਜੇ ਸਿੰਘ ਸ਼ਨਿਚਰਵਾਰ ਨੂੰ ਅੰਮ੍ਰਿਤਸਰ ਪਹੁੰਚੇ। ਸੰਜੇ ਸਿੰਘ ਨੂੰ ਤਿਹਾੜ ਜੇਲ ਤੋਂ ਸਖ਼ਤ ਸੁਰੱਖਿਆ ਦਰਮਿਆਨ ਅੰਮ੍ਰਿਤਸਰ ਅਦਾਲਤ ਵਿਚ ਲਿਆਂਦਾ ਗਿਆ ਹੈ।

ਅੰਮ੍ਰਿਤਸਰ ਪਹੁੰਚੇ ਸੰਜੇ ਸਿੰਘ ਨੇ ਪੱਤਰਕਾਰਾਂ ਸਾਹਮਣੇ ਸਿਰਫ ਇੰਨਾ ਹੀ ਕਿਹਾ ਕਿ ਉਨ੍ਹਾਂ ਦੀ ਤਾਨਾਸ਼ਾਹੀ ਵਿਰੁਧ ਜੰਗ ਜਾਰੀ ਰਹੇਗੀ। ਉਨ੍ਹਾਂ ਦੀ ਪਤਨੀ ਵੀ ਅੱਜ ਅੰਮ੍ਰਿਤਸਰ ਦੀ ਅਦਾਲਤ ਵਿਚ ਪੁੱਜੀ ਹੈ, ਪਰ ਕਿਉਂਕਿ ਉਹ ਹਿਰਾਸਤ ਵਿਚ ਹਨ, ਇਸ ਲਈ ਦੋਵੇਂ ਵੱਖਰੇ ਤੌਰ ’ਤੇ ਅੰਮ੍ਰਿਤਸਰ ਪਹੁੰਚੇ। ਮਾਮਲੇ ਦੀ ਅਗਲੀ ਸੁਣਵਾਈ 16 ਦਸੰਬਰ ਨੂੰ ਹੋਵੇਗੀ।

ਇਸ ਮਾਮਲੇ ਸਬੰਧੀ ਐਡਵੋਕੇਟ ਪਰਮਿੰਦਰ ਸਿੰਘ ਸੇਠੀ ਨੇ ਕਿਹਾ ਕਿ ਪੰਜਾਬ ਵਿਚ ਹਰ ਰੋਜ਼ ਨਸ਼ੇ ਕਾਰਨ ਨੌਜਵਾਨ ਮਰ ਰਹੇ ਹਨ। ਜਿਥੋਂ ਤਕ ਇਸ ਮਾਮਲੇ ਦਾ ਸਬੰਧ ਹੈ, ਬਿਕਰਮ ਮਜੀਠੀਆ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਅਤੇ ਉਹ ਕਈ ਮਹੀਨਿਆਂ ਤੋਂ ਜੁਡੀਸ਼ੀਅਲ ਰਿਮਾਂਡ 'ਤੇ ਵੀ ਰਹੇ ਹਨ। ਅੱਜ ਇਸ ਮਾਮਲੇ ਵਿਚ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਸੀ। ਇਸ ਦੌਰਾਨ ਬਿਕਰਮ ਮਜੀਠੀਆ ਵੀ ਅਦਾਲਤ ਪਹੁੰਚੇ ਸਨ।

ਜ਼ਿਕਰਯੋਗ ਹੈ ਕਿ ਪੰਜਾਬ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2016 ਵਿਚ ਮਾਣਹਾਨੀ ਦਾ ਕੇਸ ਸ਼ੁਰੂ ਹੋਇਆ ਸੀ। ਸੰਜੇ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਬਿਕਰਮ ਮਜੀਠੀਆ 'ਤੇ ਨਸ਼ਾ ਤਸਕਰੀ ਦੇ ਦੋਸ਼ ਲਾਏ ਸਨ। ਜਿਸ ਮਗਰੋਂ ਬਿਕਰਮ ਮਜੀਠੀਆ ਨੇ ਅਦਾਲਤ 'ਚ ਪਹੁੰਚ ਕੇ ਮਾਣਹਾਨੀ ਦਾ ਦਾਅਵਾ ਕੀਤਾ ਸੀ।