ਸੰਜੇ ਸਿੰਘ ਦੀ ਅਦਾਲਤ ''ਚ ਪੇਸ਼ੀ ਹੋਵੇਗੀ ਅੱਜ, ‘ਆਪ’ ਗ੍ਰਿਫ਼ਤਾਰੀ ਵਿਰੁਧ ਭਾਜਪਾ ਮੁੱਖ ਦਫ਼ਤਰ ਦਾ ਘਿਰਾਓ ਕਰੇਗੀ। 

  ਸੰਜੇ ਸਿੰਘ ਦੀ ਅਦਾਲਤ ''ਚ ਪੇਸ਼ੀ ਹੋਵੇਗੀ ਅੱਜ, ‘ਆਪ’ ਗ੍ਰਿਫ਼ਤਾਰੀ ਵਿਰੁਧ ਭਾਜਪਾ ਮੁੱਖ ਦਫ਼ਤਰ ਦਾ ਘਿਰਾਓ ਕਰੇਗੀ। 

ਦਿੱਲੀ ਵਿਚ ਕਥਿਤ ਸ਼ਰਾਬ ਘੁਟਾਲੇ ਵਿਚ ਆਮ ਆਦਮੀ ਪਾਰਟੀ ਦੇ ਇਕ ਹੋਰ ਵੱਡੇ ਆਗੂ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਾਜਧਾਨੀ ਵਿਚ ਸਿਆਸਤ ਕਾਫੀ ਗਰਮਾਈ ਹਈ ਹੈ। ਸੰਜੇ ਸਿੰਘ ਨੂੰ ਬੀਤੀ ਸ਼ਾਮ ਈ.ਡੀ. ਨੇ ਗ੍ਰਿਫ਼ਤਾਰ ਕੀਤਾ ਸੀ। ਅੱਜ ਸੰਜੇ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਦਸਿਆ ਜਾ ਰਿਹਾ ਹੈ ਕਿ ਸੰਜੇ ਸਿੰਘ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਅੱਜ ਭਾਜਪਾ ਹੈੱਡਕੁਆਰਟਰ ਦਾ ਘਿਰਾਓ ਕਰੇਗੀ। ਇਸ ਦੌਰਾਨ ਚੰਡੀਗੜ੍ਹ ਵਿਖੇ ਵੀ ਆਮ ਆਦਮੀ ਪਾਰਟੀ ਪੰਜਾਬ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਵਿਰੁਧ ਰੋਸ ਪ੍ਰਦਰਸ਼ਨ ਕਰੇਗੀ।

        Image

ਸੰਜੇ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਤਨੀ ਨੇ ਸੰਸਦ ਮੈਂਬਰ ਦੇ ਪ੍ਰਵਾਰ ਨਾਲ ਮੁਲਾਕਾਤ ਵੀ ਕੀਤੀ ਸੀ।ਦੱਸ ਦੇਈਏ ਕਿ ‘ਆਪ’ ਆਗੂ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਦੌਰਾਨ ਪੁਲਿਸ ਨਾਲ ਹੋਈ ਹੱਥੋਪਾਈ ਵਿਚ ਪਾਰਟੀ ਦੇ ਕਈ ਆਗੂ ਤੇ ਵਰਕਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। 'ਆਪ' ਆਗੂਆਂ ਨੂੰ ਕਾਬੂ ਕਰਨ ਲਈ ਦਿੱਲੀ ਪੁਲਿਸ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। 'ਆਪ' ਸਮਰਥਕਾਂ ਨੇ ਸੰਜੇ ਸਿੰਘ ਨੂੰ ਈ.ਡੀ. ਦੀ ਗੱਡੀ 'ਚ ਬੈਠਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਈ.ਡੀ. ਦੀ ਗੱਡੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਸੰਜੇ ਸਿੰਘ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਵਰਕਰਾਂ ਨੇ ਉਨ੍ਹਾਂ ਦੇ ਘਰ ਦਾ ਘਿਰਾਓ ਕੀਤਾ ਅਤੇ ਪ੍ਰਧਾਨ ਮੰਤਰੀ ਵਿਰੁਧ ਨਾਅਰੇਬਾਜ਼ੀ ਕੀਤੀ।

ਬੁੱਧਵਾਰ ਸ਼ਾਮ ਕਰੀਬ 5.30 ਵਜੇ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਵਰਕਰ ਰੇਲਿੰਗ ਟੱਪ ਕੇ ਅੰਦਰ ਦਾਖ਼ਲ ਹੋ ਗਏ। ਗੁੱਸੇ 'ਚ ਆਏ ਵਰਕਰਾਂ ਨੇ ਈ.ਡੀ. ਦੀ ਕਾਰਵਾਈ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਈ.ਡੀ. ਦੇ ਅਧਿਕਾਰੀ ਸੰਜੇ ਸਿੰਘ ਨੂੰ ਲੈ ਕੇ ਬਾਹਰ ਆਏ। ਪਾਰਟੀ ਦੇ ਸੰਸਦ ਮੈਂਬਰ ਜਿਵੇਂ ਹੀ ਕਾਰ 'ਚ ਬੈਠੇ ਤਾਂ ਵਰਕਰਾਂ ਨੇ ਆਪਣਾ ਵਿਰੋਧ ਤੇਜ਼ ਕਰ ਦਿਤਾ।

ਪੰਜਾਬ ਦੇ ਮੁੱਖ ਮੰਤਰੀ ਨੇ ਲਿਖਿਆ, “ਜਿਥੇ ਜਨਤਾ ਸਮਰਥਨ ਨਹੀਂ ਕਰਦੀ ਉਥੇ ED ਰਾਹੀਂ ਲੋਕਾਂ ਨੂੰ ਡਰਾਉਣਾ ਮੋਦੀ ਜੀ ਦਾ ਸੁਭਾਅ ਬਣ ਗਿਆ ਹੈ ਪਰ ਅਸੀਂ ਵੀ ਕਿਸੇ ਹੋਰ ਮਿੱਟੀ ਦੇ ਬਣੇ ਹਾਂ, ਡਰਨ ਵਾਲੇ ਨਹੀਂ....ਸੰਜੇ ਸਿੰਘ ਜ਼ਿੰਦਾਬਾਦ”।

ਰਾਘਵ ਚੱਢਾ ਨੇ ਲਿਖਿਆ, “ਸੰਸਦ 'ਚ ਭਾਜਪਾ ਸਰਕਾਰ ਵਿਰੁਧ ਆਵਾਜ਼ ਬੁਲੰਦ ਕਰਨ ਵਾਲੇ 'ਆਪ' ਸੰਸਦ ਮੈਂਬਰ ਸੰਜੇ ਸਿੰਘ ਦੀ ਗ੍ਰਿਫਤਾਰੀ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ। ਪਹਿਲਾਂ ਪੱਤਰਕਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਅਤੇ ਹੁਣ ਏਜੰਸੀਆਂ ਦੀ ਮਦਦ ਨਾਲ ਵਿਰੋਧੀ ਧਿਰ ਨੂੰ ਦਬਾਉਣਾ ਸਾਡੇ ਲੋਕਤੰਤਰ 'ਤੇ ਹਮਲਾ ਹੈ। ਇਹ ਗ੍ਰਿਫਤਾਰੀ ਭਾਜਪਾ ਦੀ ਇੰਡੀਆ ਪ੍ਰਤੀ ਘਬਰਾਹਟ ਨੂੰ ਦਰਸਾਉਂਦੀ ਹੈ...”।