ਸੰਜੇ ਸਿੰਘ ਛੇ ਮਹੀਨੇ ਬਾਅਦ ਤਿਹਾੜ ਜੇਲ੍ਹ ਤੋਂ ਬਾਹਰ ਆਏ ਤੇ ਕਿਹਾ, ‘ਜਸ਼ਨ ਮਨਾਉਣ ਦਾ ਸਮਾਂ ਨਹੀਂ, ਸੰਘਰਸ਼ ਕਰਨ ਦਾ ਸਮਾਂ ਹੈ’

ਸੰਜੇ ਸਿੰਘ ਛੇ ਮਹੀਨੇ ਬਾਅਦ ਤਿਹਾੜ ਜੇਲ੍ਹ ਤੋਂ ਬਾਹਰ ਆਏ ਤੇ ਕਿਹਾ, ‘ਜਸ਼ਨ ਮਨਾਉਣ ਦਾ ਸਮਾਂ ਨਹੀਂ, ਸੰਘਰਸ਼ ਕਰਨ ਦਾ ਸਮਾਂ ਹੈ’

ਦਿੱਲੀ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ ਜ਼ਮਾਨਤ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਬੁਧਵਾਰ ਸ਼ਾਮ ਨੂੰ ਤਿਹਾੜ ਜੇਲ੍ਹ ਤੋਂ ਬਾਹਰ ਆ ਗਏ। ਮੰਗਲਵਾਰ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਉਹ ਬੁੱਧਵਾਰ ਸ਼ਾਮ ਨੂੰ ਜੇਲ੍ਹ ਤੋਂ ਬਾਹਰ ਆ ਗਏ। ਜੇਲ੍ਹ ਅਧਿਕਾਰੀਆਂ ਨੂੰ ਜ਼ਮਾਨਤ ਦਾ ਹੁਕਮ ਮਿਲਣ ਤੋਂ ਬਾਅਦ ਸੰਜੇ ਸਿੰਘ ਦੀ ਰਿਹਾਈ ਹੋਈ ਅਤੇ ਰਿਹਾਈ ’ਤੇ ‘ਆਪ’ ਸਮਰਥਕਾਂ ਦੀ ਵੱਡੀ ਭੀੜ ਨੇ ਉਨ੍ਹਾਂ ਦਾ ਸਵਾਗਤ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਦਾ ਸਮਾਂ ਹੈ ਅਤੇ ਜੇਲ ’ਚ ਬੰਦ ਹੋਰ ‘ਆਪ’ ਆਗੂ ਵੀ ਛੇਤੀ ਹੀ ਬਾਹਰ ਆਉਣਗੇ। ਉਨ੍ਹਾਂ ਨਾਲ ਹੀ ‘ਜੇਲ ਦੇ ਤਾਲੇ ਟੁੱਟਣਗੇ, ਕੇਜਰੀਵਾਲ ਛੁੱਟਣਗੇ’ ਦਾ ਨਾਅਰਾ ਵੀ ਲਾਇਆ। 

ਜੇਲ ਬਾਹਰ ਇਕੱਠਾ ਪਾਰਟੀ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਜਸ਼ਨ ਮਨਾਉਣ ਦਾ ਸਮਾਂ ਨਹੀਂ ਆਇਆ ਹੈ। ਸੰਘਰਸ਼ ਕਰਨ ਦਾ ਸਮਾਂ ਹੈ। ਸਾਡੀ ਪਾਰਟੀ ਦੇ ਸੀਨੀਅਰ ਲੀਡਰ ਅਰਵਿੰਦ ਕੇਜਰੀਵਾਲ, ਸਤਿੰਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਸਾਲਖਾਂ ਪਿੱਛੇ ਭੇਜ ਦਿਤਾ ਗਿਆ ਹੈ। ਮੈਨੂੰ ਯਕੀਨ ਹੈ ਕਿ ਜੇਲ ਦੇ ਤਾਲੇ ਟੁੱਟਣਗੇ, ਅਤੇ ਉਹ ਬਾਹਰ ਆਉਣਗੇ।’’ ਅਦਾਲਤ ਨੇ ਉਨ੍ਹਾਂ ਨੂੰ ‘ਆਪ’ ਅਤੇ ਸ਼ਰਾਬ ਦੇ ਲਾਇਸੈਂਸਾਂ ਨਾਲ ਜੁੜੇ ਕਥਿਤ ਰਿਸ਼ਵਤਖੋਰੀ ਘਪਲੇ ਨਾਲ ਜੋੜਨ ਵਾਲੇ ਸਬੂਤਾਂ ਦੀ ਅਣਹੋਂਦ ਦਾ ਨੋਟਿਸ ਲਿਆ ਗਿਆ। ਜੇਲ੍ਹ ਅਧਿਕਾਰੀਆਂ ਨੇ ਦਸਿਆ  ਕਿ ਜ਼ਮਾਨਤ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿਤਾ ਗਿਆ। 

ਜੇਲ੍ਹ ਦੇ ਬਾਹਰ ਇਕੱਠੇ ਹੋਏ ‘ਆਪ‘ ਸਮਰਥਕਾਂ ਨੇ ‘ਦੇਖੋ ਦੇਖੋ ਕੌਣ ਆਇਆ, ਸ਼ੇਰ ਆਇਆ, ਸ਼ੇਰ ਆਇਆ‘ ਅਤੇ ‘ਸੰਜੇ ਸਿੰਘ ਜ਼ਿੰਦਾਬਾਦ‘ ਵਰਗੇ ਨਾਅਰੇ ਲਗਾਏ। ‘ਆਪ‘ ਵਰਕਰਾਂ ਦੇ ਨਾਅਰੇਬਾਜ਼ੀ ਦੌਰਾਨ ਰਾਜ ਸਭਾ ਮੈਂਬਰ ਨੂੰ ਫੁੱਲਾਂ ਦੇ ਹਾਰ ਪਾਏ ਗਏ। ਦਿੱਲੀ ਦੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੁਰਗੇਸ਼ ਪਾਠਕ ਜੇਲ੍ਹ ਦੇ ਬਾਹਰ ਮੌਜੂਦ ਸਨ। ਸਿੰਘ ਦੀ ਰਿਹਾਈ ਦੇ ਮੱਦੇਨਜ਼ਰ ਜੇਲ੍ਹ ਦੇ ਬਾਹਰ ਵੱਡੀ ਗਿਣਤੀ ’ਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਰਿਹਾਈ ਤੋਂ ਬਾਅਦ ਸਿੰਘ ਅਪਣੀ ਪਤਨੀ ਸੁਨੀਤਾ ਨੂੰ ਮਿਲਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਲਈ ਰਵਾਨਾ ਹੋ ਗਏ। 

ਇਸ ਤੋਂ ਪਹਿਲਾਂ, ਸਿੰਘ ਨੂੰ ਵਸੰਤ ਕੁੰਜ ਦੇ ਆਈਐਲਬੀਐਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਦੁਪਹਿਰ ਕਰੀਬ 1.30 ਵਜੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਸ ਨੂੰ ਜ਼ਮਾਨਤ ਦੀਆਂ ਰਸਮਾਂ ਪੂਰੀਆਂ ਕਰਨ ਲਈ ਵਾਪਸ ਤਿਹਾੜ ਜੇਲ੍ਹ ਲਿਜਾਇਆ ਗਿਆ। ਮੰਗਲਵਾਰ ਨੂੰ, ਸਿੰਘ ਨਿਯਮਤ ਜਾਂਚ ਲਈ ਆਈਐਲਬੀਐਸ ਗਿਆ ਸੀ ਪਰ ਉਸਨੂੰ ਦਾਖਲ ਕਰ ਲਿਆ ਗਿਆ ਸੀ। ਹਸਪਤਾਲ ’ਚ ਹੀ ਉਸ ਨੂੰ ਜ਼ਮਾਨਤ ਦੀ ਖ਼ਬਰ ਮਿਲੀ। ਸਿੰਘ ਦੀ ਪਤਨੀ ਅਨੀਤਾ ਸਿੰਘ ਨੇ ਕਿਹਾ ਕਿ ਉਹ ਉਨ੍ਹਾਂ ਦੀ ਰਿਹਾਈ ਦਾ ਜਸ਼ਨ ਨਹੀਂ ਮਨਾਏਗੀ ਕਿਉਂਕਿ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਾਬਕਾ ਮੰਤਰੀ ਸਤੇਂਦਰ ਜੈਨ ਸਮੇਤ ਪਾਰਟੀ ਨੇਤਾ ਅਜੇ ਵੀ ਸਲਾਖਾਂ ਪਿੱਛੇ ਹਨ।