ਪੀਟੀਸੀ ਨੂੰ ਐਸ.ਜੀ.ਪੀ.ਸੀ ਨੇ ਭੇਜਿਆ 24.90 ਲੱਖ ਰੁਪਏ ਬਕਾਏ ਦਾ ਨੋਟਿਸ,ਕੈਨੇਡਾ ਦੇ ਰੇਡੀਓ ਸਟਾਫ ਨੂੰ ਵੀ ਯਾਤਰੀ ਨਿਵਾਸ ਦੇ ਕਮਰੇ ਖਾਲੀ ਕਰਨ ਲਈ ਕਿਹਾ

ਪੀਟੀਸੀ ਨੂੰ ਐਸ.ਜੀ.ਪੀ.ਸੀ ਨੇ ਭੇਜਿਆ 24.90 ਲੱਖ ਰੁਪਏ ਬਕਾਏ ਦਾ ਨੋਟਿਸ,ਕੈਨੇਡਾ ਦੇ ਰੇਡੀਓ ਸਟਾਫ ਨੂੰ ਵੀ ਯਾਤਰੀ ਨਿਵਾਸ ਦੇ ਕਮਰੇ ਖਾਲੀ ਕਰਨ ਲਈ ਕਿਹਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐੱਸਜੀਪੀਸੀ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਯਤਨ ਕਰੇ ਸ਼ੁਰੂ ਕਰ ਦਿੱਤੇ ਹਨ। ਧਾਮੀ ਨੇ ਪਿਛਲੇ 11 ਸਾਲਾਂ ਤੋਂ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨ ਰਹੇ ਪੀਟੀਸੀ ਚੈਨਲ ਨੂੰ 24.90 ਲੱਖ ਰੁਪਏ ਦੀ ਬਕਾਇਆ ਰਾਸ਼ੀ ਦੇਣ ਦਾ ਨੋਟਿਸ ਜਾਰੀ ਕੀਤਾ ਹੈ। ਚੈਨਲ ਦਾ ਸਟਾਫ 11 ਸਾਲ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਯਾਤਰੀ ਨਿਵਾਸੀ ਸ਼ਰੀ ਗੁਰੂ ਅਰਜੁਨ ਦੇਵ ਦੇ ਕਮਰਾ ਨੰਬਰ 91 ਤੇ 93 ’ਚ ਰਹਿ ਰਿਹਾ ਹੈ ਪਰ ਕਿਰਾਇਆ ਨਹੀਂ ਦਿੱਤਾ। 

ਨਾਲ ਹੀ ਧਾਮੀ ਨੇ ਮਾਤਾ ਗੰਗਾ ਜੀ ਨਿਵਾਸ ’ਚ ਪਿਛਲੇ 20 ਸਾਲਾਂ ਤੋਂ ਦੋ ਕਮਰਿਆਂ ਦਾ ਕਬਜ਼ਾ ਕਰੀ ਬੈਠੇ ਕੈਨੇਡਾ ਦੇ ਰੇਡੀਓ ਸਟਾਫ ਨੂੰ ਵੀ ਕਮਰੇ ਖਾਲੀ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਰੇਡੀਓ ਦੇ ਪ੍ਰਬੰਧਕਾਂ ਨੂੰ ਯਾਤਰੀ ਨਿਵਾਸ ਦੇ ਉਕਤ ਕਮਰਿਆਂ ਦਾ ਬਣਦਾ ਲੱਖਾਂ ਰੁਪਏ ਦਾ ਕਿਰਾਇਆ ਵੀ ਅਦਾ ਕਰਨ ਨੂੰ ਕਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਐੱਸਜੀਪੀਸੀ ਤਹਿਤ ਗੁਰਦੁਆਰਾ ਸਾਹਿਬ ਦੀਆਂ ਦੁਕਾਨਾਂ ਤੇ ਹੋਰ ਥਾਵਾਂ ਤੋਂ ਹਾਸਲ ਹੋਣ ਵਾਲੇ ਕਿਰਾਏ ਤੇ ਹੋਰ ਪੈਸਿਆਂ ਦੀ ਵਸੂਲੀ ਲਈ ਵੀ ਨੋਟਿਸ ਭੇਜਣ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਲੀਜ਼ ’ਤੇ ਦਿੱਤੀਆਂ ਗਈਆਂ ਥਾਵਾਂ ਤੇ ਕਿਰਾਇਆਂ ਤੋਂ ਐੱਸਜੀਪੀਸੀ ਨੂੰ ਸਾਲਾਨਾ ਕਰੋੜਾਂ ਰੁਪਏ ਦੀ ਆਮਦਨ ਹੁੰਦੀ ਹੈ, ਪਰ ਇਸ ਪਾਸੇ ਅਧਿਕਾਰੀਆਂ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਹਰ ਸਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

ਅਨੁਸੂਕ੍ਰਿਤੀ ਕਮਿਊਨੀਕੇਸ਼ਨ ਨੂੰ ਵੀ ਪੀਟੀਸੀ ਹੀ ਦੇਵੇਗਾ 36 ਲੱਖ ਰੁਪਏ
ਧਾਮੀ ਨੇ ਦੱਸਿਆ ਕਿ ਐੱਸਜੀਪੀਸੀ ਦੇ ਯੂ-ਟਿਊਬ ਚੈਨਲ ’ਤੇ ਗੁਰਬਾਣੀ ਦੇ ਪ੍ਰਸਾਰਣ ਲਈ ਅਨੁਸੁਕ੍ਰਿਤੀ ਕਮਿਊਨੀਕੇਸ਼ਨਸ ਨਾਲ ਤਿੰਨ ਮਹੀਨਿਆਂ ਦਾ ਕਰਾਰ ਕੀਤਾ ਗਿਆ ਹੈ। ਕਰਾਰ ਤਹਿਤ ਐੱਸਜੀਪੀਸੀ ਕੁੱਲ 36 ਲੱਖ ਰੁਪਏ ਕੰਪਨੀ ਨੂੰ ਦੇਵੇਗੀ। ਉਕਤ ਰਾਸ਼ੀ ਦਾ ਭੁਗਤਾਨ ਵੀ ਐੱਸਜੀਪੀਸੀ ਆਪਣੀ ਜੇਬ ਤੋਂ ਨਹੀਂ ਕਰੇਗੀ, ਇਸ ਦਾ ਭੁਗਤਾਨ ਕਰਨ ਲਈ ਪੀਟੀਸੀ ਚੈਨਲ ਨੂੰ ਕਿਹਾ ਗਿਆ ਹੈ। ਪ੍ਰਬੰਧਕ ਉਕਤ ਰਕਮ ਦਾ ਭੁਗਤਾਨ ਕਰਨ ਲਈ ਰਾਜ਼ੀ ਹੋ ਗਏ ਹਨ।