ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਥੇਦਾਰ ਗੜਗੱਜ ਨੂੰ ਪੱਤਰ ਲਿਖਿਆ ਗਿਆ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਥੇਦਾਰ ਗੜਗੱਜ ਨੂੰ ਪੱਤਰ ਲਿਖਿਆ ਗਿਆ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨਾਲ ਸਬੰਧਤ ਮਾਮਲੇ ਵਿਚ ਬਣੀ ਸਿੱਟ ਵਲੋਂ ਸ਼੍ਰੋਮਣੀ ਕਮੇਟੀ ਤੋਂ ਗੈਰ ਜ਼ਰੂਰੀ ਜਾਣਕਾਰੀਆਂ ਮੰਗਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਇਕ ਪੱਤਰ ਲਿਖਿਆ ਹੈ। ਪੱਤਰ ’ਚ ਉਨ੍ਹਾਂ ਲਿਖਿਆ ਕਿ ਪੰਜਾਬ ਸਰਕਾਰ ਵੱਲੋਂ ਗਠਤ ਕੀਤੀ ਗਈ ਸਿੱਟ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਦੀ ਨਿਗਰਾਨੀ ਹੇਠ ਸਹਿਯੋਗ ਦੇਣ ਆਪ ਜੀ ਵੱਲੋਂ ਹੁਕਮ ਕੀਤਾ ਗਿਆ ਸੀ।

ਇਸ ਤਹਿਤ ਜਦੋਂ ਵੀ ਸਿੱਟ ਵੱਲੋਂ ਕੋਈ ਰਿਕਾਰਡ ਅਤੇ ਜਾਣਕਾਰੀ ਮੰਗੀ ਤਾਂ ਸ਼੍ਰੋਮਣੀ ਕਮੇਟੀ ਦੇ ਚੰਡੀਗੜ੍ਹ ਸਥਿਤ ਉੱਪ ਦਫ਼ਤਰ ਵਿਖੇ ਜਾ ਕੇ ਪੂਰਾ ਸਹਿਯੋਗ ਦਿੱਤਾ ਗਿਆ ਹੈ। ਪਰ ਹੁਣ ਸਿੱਟ ਵੱਲੋਂ ਪੁੱਜੀਆਂ ਦੋ ਵੱਖ-ਵੱਖ ਪੱਤ੍ਰਿਕਾਵਾਂ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੂਨੀ ਪ੍ਰਬੰਧਕੀ ਮਾਮਲਿਆਂ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਮੰਗੀ ਜਾ ਰਹੀ ਹੈ, ਜਿਵੇਂ ਕਿ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਬੈਂਕ ਖਾਤਿਆਂ, ਲੈਣ-ਦੇਣ, ਬੈਲੇਂਸ ਸ਼ੀਟਾਂ, ਅਕਾਊਂਟਸ ਅਤੇ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਨਿੱਜੀ ਚੈਨਲਾਂ ਨਾਲ ਹੋਏ ਸਮਝੌਤਿਆਂ ਆਦਿ ਨਾਲ ਸਬੰਧਤ ਜਾਣਕਾਰੀ। ਜਦਕਿ ਇਨ੍ਹਾਂ ਕਿਸੇ ਵੀ ਤਰ੍ਹਾਂ 28 ਪਾਵਨ ਸਰੂਪਾਂ ਨਾਲ ਕੋਈ ਵੀ ਸਬੰਧ ਨਹੀਂ ਹੈ। ਅਜਿਹੀ ਗੈਰ ਜ਼ਰੂਰੀ ਜਾਣਕਾਰੀ ਸੰਸਥਾ ਦੇ ਅੰਦਰੂਨੀ ਪ੍ਰਬੰਧਕੀ ਮਾਮਲਿਆਂ ਵਿਚ ਸਿੱਧਾ ਦਖ਼ਲ ਹੈ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਹੀ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਸਿੱਟ ਦਾ ਹਰ ਤਰ੍ਹਾਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ, ਇਸ ਲਈ ਆਪ ਜੀ ਨੇ ਉਕਤ ਦੇ ਮੱਦੇਨਜ਼ਰ ਵਿਚਾਰ ਕਰਕੇ ਯੋਗ ਆਦੇਸ਼ ਭੇਜਣ ਦੀ ਖੇਚਲ ਕਰਨੀ ਜੀ।