ਕੈਨੇਡਾ ਤੋਂ ਆਏ ਮੁੰਡੇ ਨੇ ਪੈਸਿਆਂ ਲਈ ਪਿਤਾ ਦਾ ਚਾੜ੍ਹ ਦਿੱਤਾ ਕੁਟਾਪਾ

ਕੈਨੇਡਾ ਤੋਂ ਆਏ ਮੁੰਡੇ ਨੇ ਪੈਸਿਆਂ ਲਈ ਪਿਤਾ ਦਾ ਚਾੜ੍ਹ ਦਿੱਤਾ ਕੁਟਾਪਾ

ਥਾਣਾ ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਗੋਗੋਆਣੀ ਵਿਖੇ ਕੈਨੇਡਾ ਤੋਂ ਆਏ ਇੱਕ ਮੁੰਡੇ ਵਲੋਂ 5 ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਆਪਣੇ ਹੀ ਪਿਤਾ ਦੀ ਪੈਸਿਆਂ ਲਈ ਕੁੱਟਮਾਰ ਕਰਕੇ ਉਸਨੂੰ ਜ਼ਖ਼ਮੀ ਕਰ ਦੇਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਨੌਜਵਾਨ ਲਵਪ੍ਰੀਤ ਸਿੰਘ ਤੇ ਉਸਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।

                         Image

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਮੇਜਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸਵੀਰ ਕੌਰ ਪਤਨੀ ਅੰਗਰੇਜ਼ ਸਿੰਘ ਵਾਸੀ ਪਿੰਡ ਗੋਗੋਆਣੀ ਨੇ ਪੁਲਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਕਿ ਉਸ ਦੇ ਦੋ ਮੁੰਡੇ ਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਹਨ। ਛੋਟਾ ਮੁੰਡਾ ਮਨਪ੍ਰੀਤ ਸਿੰਘ ਆਸਟ੍ਰੇਲੀਆ ਗਿਆ ਹੋਇਆ ਹੈ, ਜਦਕਿ ਵੱਡਾ ਲਵਪ੍ਰੀਤ ਕੈਨੇਡਾ ਗਿਆ ਹੋਇਆ ਹੈ।

                         Image

ਕੈਨੇਡਾ ਦੇ ਵਿਚ ਰਹਿਣ ਵਾਲਾ ਮੁੰਡਾ ਇੰਨੀ ਦਿਨੀਂ ਪੰਜਾਬ ਆਇਆ ਹੋਇਆ ਹੈ। ਸ਼ਿਕਾਇਤਕਰਤਾ ਜਸਵੀਰ ਕੌਰ ਅਨੁਸਾਰ ਲਵਪ੍ਰੀਤ ਸਿੰਘ ਜਦੋਂ ਤੋਂ ਕੈਨੇਡਾ ਵਾਪਸ ਘਰ ਆਇਆ ਹੈ, ਉਹ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਉਹ ਰੋਜ਼ਾਨਾ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਹੈ, ਜਿਸ ਕਾਰਨ ਉਸ ਨੂੰ ਸ਼ਿਕਾਇਤਕਰਤਾ ਵੱਲੋਂ ਬੇਦਖ਼ਲ ਕੀਤਾ ਗਿਆ ਹੈ।

                         Image

ਉਨ੍ਹਾਂ ਨੇ ਦੱਸਿਆ ਕਿ 16 ਅਪ੍ਰੈਲ 2024 ਨੂੰ ਉਸਦਾ ਮੁੰਡਾ ਲਵਪ੍ਰੀਤ ਸਿੰਘ ਆਪਣੇ ਨਾਲ 5 ਅਣਪਛਾਤੇ ਵਿਅਕਤੀ ਲੈ ਕੇ ਘਰ ਆ ਗਿਆ। ਆਉਂਦੇ ਸਾਰ ਉਸਨੇ ਆਪਣੇ ਪਿਤਾ ਅੰਗਰੇਜ਼ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜਸਵੀਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦਾ ਇਲਾਜ ਸਿਵਲ ਹਸਪਤਾਲ ਜ਼ੀਰਾ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।