- Updated: November 05, 2022 03:27 PM
ਅੰਮ੍ਰਿਤਸਰ ’ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦੇ ਵਿਰੋਧ ’ਚ ਸ਼ਿਵ ਸੈਨਿਕਾਂ ਦਾ ਗੁੱਸਾ ਫੁੱਟ ਗਿਆ ਹੈ। ਕਤਲ ਦੇ ਵਿਰੋਧ ’ਚ ਜਲੰਧਰ ’ਚ ਵੀ ਸ਼ਿਵ ਸੈਨਾ ਦੇ ਸਮਰਥਕਾਂ ਨੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਅਰੁਣ ਪਾਲ ਸਿੰਘ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਤਸਵੀਰਾਂ ਨੂੰ ਸਾੜਿਆ ਗਿਆ। ਸ਼ਿਵ ਸੈਨਾ ਦੇ ਸਮਰਥਕਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਦੀ ਕਾਰਗੁਜ਼ਾਰੀ ’ਤੇ ਅੱਜ ਉਨ੍ਹਾਂ ਦਾ ਗੁੱਸਾ ਫੁੱਟ ਗਿਆ ਹੈ ਅਤੇ ਉਨ੍ਹਾਂ ਦੇ ਹਿੰਦੂ ਨੇਤਾ ਸੁਧੀਰ ਸੂਰੀ ਪੁਲਸ ਦੀ ਮੌਜੂਦਗੀ ’ਚ ਕਤਲ ਕੀਤਾ ਗਿਆ ਹੈ, ਇਹ ਸਭ ਪੁਲਸ ਦੀ ਨਾਲਾਇਕੀ ਦਾ ਨਤੀਜਾ ਹੈ।

ਇਸ ਮੌਕੇ ਸਮਰਥਕਾਂ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਗੋਪਾਲ ਨਗਰ ਨੇੜੇ ਮੰਦਿਰ ਬਾਹਰ ਹਿੰਦੂ ਦੇਵੀ ਦੇਵਤਾਵਾਂ ਦੀਆਂ ਤਸਵੀਰਾਂ ਸੁੱਟੀਆਂ ਹੋਈਆਂ ਸਨ ਅਤੇ ਸੁਧੀਰ ਸੂਰੀ ਆਪਣੇ ਸਮਰਥਕਾਂ ਨਾਲ ਪ੍ਰਦਰਸ਼ਨ ਕਰਦਿਆਂ ਮੰਗ ਕਰ ਰਹੇ ਸਨ ਕਿ ਮੰਦਿਰ ਦੀ ਕਮੇਟੀ ਉਤੇ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੂਰਤੀਆਂ ਨੂੰ ਸੁੱਟਿਆ ਗਿਆ ਸੀ, ਉਸ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੰੁਚਦੀ ਹੈ। ਮੌਕੇ ’ਤੇ 20 ਪੁਲਸ ਕਰਮਚਾਰੀ, ਇਕ ਏ. ਸੀ. ਪੀ. ਅਤੇ 2 ਥਾਣਾ ਇੰਚਾਰਜ ਦੀ ਮੌਜੂਦਗੀ ’ਚ ਸ਼ੂਟਰ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਸੁਧੀਰ ਸੂਰੀ ਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕਤਲ ਪੁਲਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਲਾਨਿੰਗ ਨਾਲ ਹੋਇਆ ਹੈ।

ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਖ਼ਾਲਿਸਤਾਨ ਦੀਆਂ ਗਤੀਵਿਧੀਆਂ ਵਧਦੀਆਂ ਜਾ ਰਹੀਆਂ ਹਨ। ਪੁਲਸ ਦੇ ਹੱਥ ਕੁਝ ਨਹੀਂ ਹੈ। ਹਿੰਦੂ ਨੇਤਾ ਸੁਧੀਰ ਸੂਰੀ ਨੂੰ ਪੁਲਸ ਵਿਚਾਲੇ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਅਸੀਂ ਕਿੱਥੇ ਸੁਰੱਖਿਅਤ ਹਾਂ। ‘ਆਪ’ ਸਰਕਾਰ ਨੂੰ ਕੈਨੇਡਾ ਤੋਂ ਫੰਡਿੰਗ ਹੋ ਰਹੀ ਹੈ। ਉਥੇ ਹੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਲਗਾਤਾਰ ਪੰਜਾਬ ਨੂੰ ਤੋੜਨ ਦੀਆਂ ਗੱਲਾਂ ਕਰ ਰਿਹਾ ਹੈ ਪਰ ਪੁਲਸ ਸੁੱਤੀ ਹੋਈ ਹੈ।