ਪੰਜਾਬ ''ਚ 9 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਦੇ 2 ਹਿੱਸੇ ਦਰਿਆ ''ਚੋਂ ਮਿਲੇ

ਪੰਜਾਬ ''ਚ 9 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਦੇ 2 ਹਿੱਸੇ ਦਰਿਆ ''ਚੋਂ ਮਿਲੇ

ਰੋਪੜ ਜ਼ਿਲ੍ਹੇ ਦੇ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਟਿੱਬਾ ਟਪਾਰੀਆ ਨੇੜੇ ਸਤਿਲੁਜ ਦਰਿਆ ਤੋਂ ਪਿਛਲੇ 9 ਦਿਨਾਂ ਤੋਂ ਲਾਪਤਾ ਪਿੰਡ ਨੈਣਵਾਂ ਦੇ 21 ਸਾਲਾ ਨੌਜਵਾਨ ਭੁਪਿੰਦਰ ਸਿੰਘ ਦਾ ਸਿਰ ਅਤੇ ਇਕ ਬਾਂਹ ਪੁਲਸ ਨੇ ਬਰਾਮਦ ਕਰ ਲਈਆਂ ਹਨ। ਮ੍ਰਿਤਕ ਦੇ ਸਰੀਰ ਦੇ ਹੋਰ ਹਿੱਸਿਆਂ ਦੀ ਭਾਲ ਕੀਤੀ ਜਾ ਰਹੀ ਹੈ। ਸਿਰ ਅਤੇ ਬਾਂਹ ਨੂੰ ਸਿਵਲ ਹਸਪਤਾਲ, ਰੋਪੜ ਵਿਖੇ ਪੋਸਟਮਾਰਟਮ ਲਈ ਰੱਖਿਆ ਗਿਆ ਹੈ। ਗੜ੍ਹਸ਼ੰਕਰ ਦੇ ਪਿੰਡ ਨੈਣਵਾਂ ਦੇ ਜਗਜੀਵਨ ਰਾਮ ਦਾ 21 ਸਾਲਾ ਪੁੱਤਰ ਭੁਪਿੰਦਰ ਸਿੰਘ 25 ਮਈ ਨੂੰ ਸ਼ਾਮ ਨੂੰ ਆਪਣੇ ਮੋਟਰਸਾਈਕਲ ’ਤੇ ਬਿਨਾਂ ਕਿਸੇ ਨੂੰ ਦੱਸੇ ਘਰੋਂ ਨਿਕਲਿਆ ਸੀ।

ਜਿਸ ਤੋਂ ਬਾਅਦ ਭੁਪਿੰਦਰ ਸਿੰਘ ਦਾ ਮੋਟਰਸਾਈਕਲ ਪਿੰਡ ਬੰਦਲੇਹਰੀ, ਤਹਿਸੀਲ ਨੰਗਲ, ਜ਼ਿਲਾ ਰੋਪੜ ਨੇੜੇ ਨਹਿਰ ਦੇ ਕੰਢੇ ਮਿਲਿਆ ਅਤੇ ਉਸਦਾ ਆਧਾਰ ਕਾਰਡ ਅਤੇ ਪਰਸ ਨੇੜੇ ਪਏ ਇਕ ਬੈਗ ਵਿਚੋਂ ਮਿਲਿਆ। ਜਿਸ ਤੋਂ ਬਾਅਦ ਨੰਗਲ ਪੁਲਸ ਅਤੇ ਗੜ੍ਹਸ਼ੰਕਰ ਪੁਲਸ ਲਗਾਤਾਰ ਨਹਿਰਾਂ ਅਤੇ ਦਰਿਆਵਾਂ ਵਿਚ ਭੁਪਿੰਦਰ ਸਿੰਘ ਦੀ ਭਾਲ ਕਰ ਰਹੀ ਸੀ।

ਸੰਪਰਕ ਕਰਨ ’ਤੇ ਗੜ੍ਹਸ਼ੰਕਰ ਦੇ ਐੱਸ.ਐੱਚ.ਓ. ਜੈ ਪਾਲ ਨੇ ਕਿਹਾ ਕਿ ਪਰਿਵਾਰਕ ਮੈਂਬਰ ਆ ਗਏ ਹਨ ਅਤੇ ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਕਿ ਐੱਫ.ਆਈ.ਆਰ. ਗੜ੍ਹਸ਼ੰਕਰ ਵਿਚ ਦਰਜ ਕੀਤੀ ਜਾਵੇ ਜਾਂ ਸਬੰਧਤ ਥਾਣੇ ਵਿਚ ਜਿੱਥੇ ਲਾਸ਼ ਦਾ ਸਿਰ ਅਤੇ ਬਾਹਾਂ ਮਿਲੀਆਂ ਸਨ।