- Updated: January 01, 2024 02:32 PM
ਕੈਨੇਡਾ ਦੇ ਸ਼ਹਿਰ ਮਿਸੀਸਾਗਾ ਦੇ ਇੱਕ ਨਾਈਟ ਕਲੱਬ ਨੇੜੇ ਹੋਈ ਗੋਲੀਬਾਰੀ ਵਿਚ ਜ਼ਖ਼ਮੀ ਹੋਈ ਇੱਕ 19 ਸਾਲਾ ਕੁੜੀ ਨੇ ਦਮ ਤੋੜ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਐਤਵਾਰ ਤੜਕੇ ਸਵੇਰੇ ਲਗਭਗ 1:40 ਵਜੇ ਡਿਕਸੀ ਰੋਡ ਅਤੇ ਐਗਲਿਨਟਨ ਐਵੇਨਿਊ ਈਸਟ ਦੇ ਖੇਤਰ ਵਿੱਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਨੇ 19 ਸਾਲਾ ਕੁੜੀ ਨੂੰ ਗੰਭੀਰ ਹਾਲਤ 'ਚ ਪਾਇਆ। ਉਸ ਨੂੰ ਤੁਰੰਤ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਬਾਅਦ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਸ ਨੇ ਕਿਹਾ ਕਿ ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਪੁਲਸ ਦਾ ਕਹਿਣਾ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ। ਸ਼ੱਕੀ ਬਾਰੇ ਅਜੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਕਾਂਸਟੇਬਲ ਮਨਦੀਪ ਖਟੜਾ ਮੁਤਾਬਕ ਜਾਂਚ ਪੀਲ ਰੀਜਨਲ ਪੁਲਸ ਦੀ ਹੋਮੀਸਾਈਡ ਯੂਨਿਟ ਨੂੰ ਸੌਂਪ ਦਿੱਤੀ ਗਈ ਹੈ। ਖਟੜਾ ਨੇ ਦੱਸਿਆ ਕਿ ਗੋਲੀਬਾਰੀ ਦੇ ਸਮੇਂ ਪੀੜਤ ਨਾਈਟ ਕਲੱਬ ਦੇ ਬਾਹਰ ਫੁੱਟਪਾਥ 'ਤੇ ਖੜ੍ਹੀ ਸੀ।