- Updated: August 29, 2023 05:22 PM
ਨਕੋਦਰ ਦੀ ਪੁਰੇਵਾਲ ਕਲੋਨੀ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਕੈਨੇਡਾ ਤੋਂ ਆਏ ਪੁੱਤ ਨੇ ਆਪਣੇ ਬਜ਼ੁਰਗ ਪਿਤਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ। ਗੰਭੀਰ ਜ਼ਖਮੀ ਹਾਲਤ ਵਿਚ ਬਜ਼ੁਰਗ ਨੂੰ ਲੁਧਿਆਣ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਥਾਣਾ ਮੁਖੀ ਇੰਸਪੈਕਟਰ ਬਲਜੀਤ ਸਿੰਘ, ਏ. ਐੱਸ. ਆਈ ਕੁਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜ਼ਖਮੀ ਬਜ਼ੁਰਗ ਦੀ ਪਛਾਣ ਹਰਜੀਤ ਸਿੰਘ ਵਾਸੀ ਪੁਰੇਵਾਲ ਕਲੋਨੀ ਵਜੋਂ ਹੋਈ ਹੈ।
ਮੁਹੱਲਾ ਵਾਸੀਆਂ ਨੇ ਦੱਸਿਆ ਕਿ ਬਜ਼ੁਰਗ ਹਰਜੀਤ ਸਿੰਘ ਆਪਣੀ ਪਤਨੀ ਨਾਲ ਰਹਿੰਦਾ ਹੈ। ਉਸ ਦਾ ਪੁੱਤਰ ਜੋ 2-3 ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ। ਬਜ਼ੁਰਗ ਦੀ ਪਤਨੀ ਅੱਜ ਸਵੇਰੇ ਆਪਣੇ ਰਿਸ਼ਤੇਦਾਰੀ ਵਿਚ ਗਈ ਹੋਈ ਸੀ। ਘਰ ਵਿਚ ਪਿਉ-ਪੁੱਤ ਇਕੱਲੇ ਸਨ। ਬਜ਼ੁਰਗ ਪਿਛਲੇ ਕੁਝ ਸਮੇਂ ਤੋਂ ਕਾਫੀ ਬਿਮਾਰ ਸੀ। ਸਿਟੀ ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਹਮਲਾ ਕਰਨ ਉਪਰੰਤ ਘਰੋਂ ਫਰਾਰ ਹੋ ਗਿਆ, ਜਿਸ ਨੂੰ ਫੜਨ ਲਈ ਪੁਲਸ ਪਾਰਟੀਆ ਵੱਖ-ਵੱਖ ਥਾਂਵਾਂ ’ਤੇ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀਆਂ ਹਨ। ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹਮਲਾ ਕਰਨ ਵਾਲੇ ਨੌਜਵਾਨ ਸੁਰਿੰਦਰ ਦੀ ਮਾਤਾ ਨੇ ਕਿਹਾ ਕਿ ਉਸ ਦੀ ਪਤਨੀ ਤੇ ਬੱਚੇ ਵੀ ਉਸ ਤੋਂ ਦੁਖੀ ਸਨ। ਉਹ ਵੀ ਵਿਦੇਸ਼ ਵਿਚ ਉਸ ਨੂ ਛੱਡ ਕੇ ਜਾ ਚੁੱਕੇ ਹਨ। ਪਹਿਲਾਂ ਉਸ ਦੀ ਪਤਨੀ ਉਸ ਨੂੰ ਵਿਦੇਸ਼ ਵਿਚ ਛੱਡ ਕੇ ਚਲੀ ਗਈ ਫਿਰ ਬੱਚਿਆਂ ਨੇ ਵੀ ਉਸ ਦੀਆਂ ਹਰਕਤਾਂ ਕਾਰਨ ਉਸ ਦਾ ਸਾਥ ਛੱਡ ਦਿੱਤਾ। ਬਜ਼ੁਰਗ ਮਾਤਾ ਨੇ ਕਿਹਾ ਕਿ ਹੁਣ ਉਹ ਵਿਦੇਸ਼ ਤੋਂ ਕੁਝ ਦਿਨ ਪਹਿਲਾਂ ਹੀ ਆਇਆ ਸੀ ਉਸ ਨੇ ਸੋਚਿਆ ਕਿ ਸੁਰਿੰਦਰ ਸੁਧਰ ਗਿਆ ਹੈ ਪਰ ਉਸ ਨੇ ਆਪਣੇ ਹੀ ਪਿਓ ‘ਤੇ ਹਮਲਾ ਕਰ ਦਿੱਤਾ।