ਰਾਜ ਸਭਾ ਚੋਣਾਂ ਲਈ ਕਾਂਗਰਸ ਵਲੋਂ 4 ਉਮੀਦਵਾਰਾਂ ਦਾ ਐਲਾਨ; ਰਾਜਸਥਾਨ ਤੋਂ ਸੋਨੀਆ ਗਾਂਧੀ ਹੋਣਗੇ ਉਮੀਦਵਾਰ

ਰਾਜ ਸਭਾ ਚੋਣਾਂ ਲਈ ਕਾਂਗਰਸ ਵਲੋਂ 4 ਉਮੀਦਵਾਰਾਂ ਦਾ ਐਲਾਨ; ਰਾਜਸਥਾਨ ਤੋਂ ਸੋਨੀਆ ਗਾਂਧੀ ਹੋਣਗੇ ਉਮੀਦਵਾਰ

ਕਾਂਗਰਸ ਸੰਸਦੀ ਦਲ ਦੇ ਮੁਖੀ ਸੋਨੀਆ ਗਾਂਧੀ ਰਾਜ ਸਭਾ ਚੋਣਾਂ ਵਿਚ ਰਾਜਸਥਾਨ ਤੋਂ ਪਾਰਟੀ ਦੇ ਉਮੀਦਵਾਰ ਹੋਵੇਗੇ ਅਤੇ ਉਨ੍ਹਾਂ ਵਲੋਂ ਅੱਜ ਜੈਪੁਰ ਵਿਚ ਨਾਮਜ਼ਦਗੀ ਪੱਤਰ ਦਾਖਲ ਕਰ ਦਿਤਾ ਹੈ। ਇਸ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਉਨ੍ਹਾਂ ਦੇ ਨਾਲ ਮੌਜੂਦ ਹਨ। ਨਾਮਜ਼ਦਗੀ ਭਰਨ ਤੋਂ ਪਹਿਲਾਂ ਉਨ੍ਹਾਂ ਨੇ ਵਿਧਾਨ ਸਭਾ ਦੀ ਵਿਰੋਧੀ ਲਾਬੀ ਵਿਚ ਪਾਰਟੀ ਵਿਧਾਇਕਾਂ ਨਾਲ ਮੁਲਾਕਾਤ ਕੀਤੀ।

ਕਾਂਗਰਸ ਵਲੋਂ ਰਾਜ ਸਭਾ ਚੋਣਾਂ ਲਈ ਅਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਚਾਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਰਾਜਸਥਾਨ ਤੋਂ ਸੋਨੀਆ ਗਾਂਧੀ , ਹਿਮਾਚਲ ਪ੍ਰਦੇਸ਼ ਤੋਂ ਅਭਿਸ਼ੇਕ ਮਨੂ ਸਿੰਘਵੀ, ਬਿਹਾਰ ਤੋਂ ਅਖਿਲੇਸ਼ ਪ੍ਰਸਾਦ ਸਿੰਘ ਅਤੇ ਮਹਾਰਾਸ਼ਟਰ ਤੋਂ ਚੰਦਰਕਾਂਤ ਹੰਡੋਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 15 ਫਰਵਰੀ ਹੈ।

                           Image

ਸੋਨੀਆ ਗਾਂਧੀ 1999 ਤੋਂ ਲਗਾਤਾਰ ਲੋਕ ਸਭਾ ਦੀ ਮੈਂਬਰ ਰਹੇ ਹਨ। ਇਹ ਪਹਿਲੀ ਵਾਰ ਹੋਵੇਗਾ ਜਦੋਂ ਉਹ ਸੰਸਦ ਦੇ ਉਪਰਲੇ ਸਦਨ 'ਚ ਜਾਣਗੇ। ਕਾਂਗਰਸ ਕਰਨਾਟਕ, ਤੇਲੰਗਾਨਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਤੋਂ ਰਾਜ ਸਭਾ ਸੀਟਾਂ ਜਿੱਤਣ ਦੀ ਸਥਿਤੀ ਵਿਚ ਹੈ।

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਰਾਜਸਥਾਨ ਤੋਂ ਰਾਜ ਸਭਾ ਦਾ ਕਾਰਜਕਾਲ ਇਸ ਸਾਲ ਅਪ੍ਰੈਲ 'ਚ ਖਤਮ ਹੋ ਰਿਹਾ ਹੈ। ਕੇਂਦਰੀ ਮੰਤਰੀ ਭੂਪੇਂਦਰ ਯਾਦਵ ਦਾ ਕਾਰਜਕਾਲ ਵੀ ਅਪ੍ਰੈਲ 'ਚ ਖਤਮ ਹੋ ਰਿਹਾ ਹੈ। ਹਾਲ ਹੀ 'ਚ ਉੱਚ ਸਦਨ ਤੋਂ ਅਸਤੀਫਾ ਦੇਣ ਵਾਲੇ ਕਿਰੋਰੀ ਲਾਲ ਮੀਨਾ ਦਾ ਕਾਰਜਕਾਲ ਵੀ ਅਪ੍ਰੈਲ 'ਚ ਖਤਮ ਹੋ ਜਾਵੇਗਾ।

ਭਾਜਪਾ ਪਹਿਲਾਂ ਹੀ ਰਾਜਸਥਾਨ ਤੋਂ ਰਾਜ ਸਭਾ ਚੋਣਾਂ ਲਈ ਮਦਨ ਰਾਠੌੜ ਅਤੇ ਚੁੰਨੀਲਾਲ ਗਰਾਸੀਆ ਨੂੰ ਉਮੀਦਵਾਰ ਐਲਾਨ ਚੁੱਕੀ ਹੈ। ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪਾਰਟੀ ਲੀਡਰਸ਼ਿਪ ਨੂੰ ਸੂਬੇ ਤੋਂ ਰਾਜ ਸਭਾ ਸੀਟ ਲਈ ਸੋਨੀਆ ਗਾਂਧੀ ਨੂੰ ਨਾਮਜ਼ਦ ਕਰਨ ਦੀ ਅਪੀਲ ਕੀਤੀ ਸੀ। 8 ਫਰਵਰੀ ਤੋਂ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨੇ ਸ਼ੁਰੂ ਹੋ ਗਏ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 16 ਫਰਵਰੀ ਨੂੰ ਹੋਵੇਗੀ, ਜਦਕਿ ਉਮੀਦਵਾਰ 20 ਫਰਵਰੀ ਤਕ ਆਪਣੇ ਨਾਮ ਵਾਪਸ ਲੈ ਸਕਣਗੇ। ਜੇਕਰ ਲੋੜ ਪਈ ਤਾਂ 27 ਫਰਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤਕ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਸ਼ਾਮ 5 ਵਜੇ ਤਕ ਵੋਟਾਂ ਦੀ ਗਿਣਤੀ ਹੋਵੇਗੀ।