- Updated: July 01, 2026 08:34 PM
ਅੰਮ੍ਰਿਤਸਰ ਦੇ ਥਾਣਾ ਵੇਰਕਾ ਖੇਤਰ ਵਿੱਚ ਸ੍ਰੀ ਸੁਖਮਨੀ ਸਾਹਿਬ ਦੀ ਬੇਅਦਬੀ ਦਾ ਇੱਕ ਬਹੁਤ ਹੀ ਮੰਦਭਾਗਾ ਅਤੇ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਭਾਰਤੀ ਨਿਆ ਸੰਹਿਤਾ ਦੀ ਧਾਰਾ 299 ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਮਰਜੀਤ ਕੌਰ, ਜੋ ਘਰਾਂ ਵਿੱਚ ਸਾਫ਼-ਸਫ਼ਾਈ ਦਾ ਕੰਮ ਕਰਦੀ ਹੈ, ਨੇ ਦੱਸਿਆ ਕਿ ਉਸ ਦਾ ਲੜਕਾ ਹਰਦੀਪ ਸਿੰਘ ਉਰਫ਼ ਸੋਨੂ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਹੈ ਅਤੇ ਅਕਸਰ ਨਸ਼ੇ ਲਈ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਹੈ। ਸ਼ਿਕਾਇਤਕਰਤਾ ਅਨੁਸਾਰ, 29 ਜੂਨ ਦੀ ਸ਼ਾਮ ਕਰੀਬ ਚਾਰ ਵਜੇ ਜਦੋਂ ਉਹ ਆਪਣੇ ਘਰ ਦੇ ਬਾਹਰ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰ ਰਹੀ ਸੀ, ਤਾਂ ਉਸ ਦਾ ਪੁੱਤਰ ਉੱਥੇ ਆ ਗਿਆ ਅਤੇ ਪੈਸਿਆਂ ਦੀ ਮੰਗ ਕਰਨ ਲੱਗਾ। ਜਦੋਂ ਮਾਂ ਨੇ ਨਸ਼ੇ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਮੁਲਜ਼ਮ ਗੁੱਸੇ ਵਿੱਚ ਆ ਗਿਆ। ਉਸ ਨੇ ਆਪਣੀ ਮਾਂ ਦੇ ਹੱਥੋਂ ਸ੍ਰੀ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਖੋਹ ਲਿਆ ਅਤੇ ਉਸ ਦੇ ਪੰਨੇ (ਅੰਗ) ਪਾੜ ਕੇ ਬੇਅਦਬੀ ਕਰ ਦਿੱਤੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਪੀੜਤ ਮਹਿਲਾ ਨੇ ਇਸ ਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਕੀਤੀ ਗਈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੇਰਕਾ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਧਾਰਮਿਕ ਭਾਵਨਾਵਾਂ ਨਾਲ ਜੁੜੇ ਇਸ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮੰਦਭਾਗੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸੰਗਤਾਂ ਵੱਲੋਂ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।