- Updated: June 29, 2026 11:54 AM
ਪੰਜਾਬ ਸਰਕਾਰ ਨੇ ਟੈਕਨੀਕਲ ਗ੍ਰੇਡ ਯੂਰੀਆ ਦੀ ਥਾਂ ’ਤੇ ਸਬਸਿਡੀ ਵਾਲੇ ਐਗਰੀਕਲਚਰ ਗ੍ਰੇਡ (ਨੀਮ-ਕੋਟਿਡ) ਯੂਰੀਆ ਦੀ ਸਪਲਾਈ ਦੇ ਮਾਮਲੇ ਵਿਚ 7 ਅਧਿਕਾਰੀਆਂ ਨੂੰ ਚਾਰਜਸ਼ੀਟ ਕੀਤਾ ਹੈ, ਜਦਕਿ ਇਕ ਹੋਰ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮਾਮਲੇ ਵਿਚ ਸ਼ਿਕਾਇਤ ਮਿਲਣ ਮਗਰੋਂ ਸਹਿਕਾਰਤਾ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਨੇ ਮਾਰਕਫੈੱਡ ਅਤੇ ਮਿਲਕਫੈੱਡ ਦੇ ਪ੍ਰਬੰਧ ਨਿਰਦੇਸ਼ਕਾਂ ਨੂੰ ਤੁਰੰਤ ਜਾਂਚ ਕਰਵਾਉਣ, ਲਾਪਰਵਾਹੀ ਲਈ ਜ਼ਿੰਮੇਵਾਰੀ ਤੈਅ ਕਰਨ ਅਤੇ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ।
ਇਨ੍ਹਾਂ ਨਿਰਦੇਸ਼ਾਂ ’ਤੇ ਤੁਰੰਤ ਕਾਰਵਾਈ ਕਰਦੇ ਮਿਲਕਫੈੱਡ ਨੇ ਖੰਨਾ ਕੈਟਲ ਫੀਡ ਪਲਾਂਟ ਦੇ ਜਨਰਲ ਮੈਨੇਜਰ, ਮੈਨੇਜਰ (ਏ. ਐੱਚ.) ਅਤੇ ਕੁਆਲਿਟੀ ਇੰਚਾਰਜ, ਡਿਪਟੀ ਮੈਨੇਜਰ (ਖਰੀਦ ਅਤੇ ਸਟੋਰੇਜ)/ਇੰਚਾਰਜ (ਐੱਫ਼. ਐਂਡ ਏ.) ਅਤੇ ਸੀਨੀਅਰ ਸਹਾਇਕ/ਖਰੀਦ ਇੰਚਾਰਜ ਦੇ ਵਿਰੁੱਧ ‘ਮੇਜਰ ਪੈਨਲਟੀ’ ਚਾਰਜਸ਼ੀਟ ਜਾਰੀ ਕਰ ਦਿੱਤੀ ਹੈ। ਇਸੇ ਤਰ੍ਹਾਂ ਮਾਰਕਫੈੱਡ ਨੇ ਵੀ ਮੁੱਢਲੇ ਤੌਰ ’ਤੇ ਜ਼ਿੰਮੇਵਾਰ ਪਾਏ ਗਏ ਅਧਿਕਾਰੀਆਂ ਵਿਰੁੱਧ ਅਨੁਸ਼ਾਸਨਿਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੁੱਖ ਮੈਨੇਜਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਉੱਥੇ ਹੀ ਲਾਗੂ ਸੇਵਾ ਨਿਯਮਾਂ ਤਹਿਤ ਜਨਰਲ ਮੈਨੇਜਰ, ਸੀਨੀਅਰ ਅਕਾਊਂਟ ਅਫ਼ਸਰ (ਜੋ ਡਿਪਟੀ ਚੀਫ਼ ਅਕਾਊਂਟ ਅਫ਼ਸਰ ਦਾ ਕੰਮ ਦੇਖ ਰਹੇ ਸਨ) ਅਤੇ ਸੀਨੀਅਰ ਸਹਾਇਕ (ਜੋ ਕਮਰਸ਼ੀਅਲ ਮੈਨੇਜਰ ਦਾ ਕੰਮ ਦੇਖ ਰਹੇ ਸਨ) ਦੇ ਵਿਰੁੱਧ 'ਮੇਜਰ ਪੈਨਲਟੀ' ਚਾਰਜਸ਼ੀਟ ਜਾਰੀ ਕੀਤੀ ਗਈ ਹੈ। ਸਬੰਧਤ ਸੀਨੀਅਰ ਸਹਾਇਕ (ਜੋ ਕਮਰਸ਼ੀਅਲ ਮੈਨੇਜਰ ਵਜੋਂ ਤਾਇਨਾਤ ਸਨ) ਦਾ ਪ੍ਰਸ਼ਾਸਨਿਕ ਹਿੱਤ ਵਿਚ ਤਬਾਦਲਾ ਵੀ ਕਰ ਦਿੱਤਾ ਗਿਆ ਹੈ।
ਟੈਕਸ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਮੈਸਰਜ਼ ਇੰਡੋ ਆਰਗੈਨਿਕ, ਗਿੱਦੜਬਾਹਾ (ਪੰਜਾਬ) ਦੇ ਕਾਰੋਬਾਰੀ ਅਸਥਾਨ ਦੀ ਜਾਂਚ ਕੀਤੀ ਅਤੇ ਫਰਮ ਨੂੰ ਵਿਸਥਾਰਤ ਜਾਂਚ ਲਈ ਆਪਣੇ ਖਾਤੇ ਦੇ ਦਸਤਾਵੇਜ਼ ਅਤੇ ਸਬੰਧਤ ਰਿਕਾਰਡ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਟੈਕਸ ਵਿਭਾਗ ਨੇ ਟੈਕਨੀਕਲ ਗ੍ਰੇਡ ਯੂਰੀਆ ਵਜੋਂ ਐਲਾਨੇ ਮਾਲ ਦੀ ਸਪਲਾਈ ਦੇ ਸਬੰਧ ਵਿਚ ਮੈਸਰਜ਼ ਮਨੀਸ਼ਾ ਟ੍ਰੇਡਿੰਗ ਕੰਪਨੀ, ਨਵੀਂ ਦਿੱਲੀ ਅਤੇ ਮੈਸਰਜ਼ ਏ. ਐੱਮ. ਕੈਮੀਕਲ, ਸੋਨੀਪਤ (ਹਰਿਆਣਾ) ਦੀਆਂ ਕਾਰੋਬਾਰੀ ਗਤੀਵਿਧੀਆਂ ਵਿਚ ਵੀ ਸ਼ੱਕੀ ਬੇਨਿਯਮੀਆਂ ਦਾ ਪਤਾ ਲਾਇਆ ਹੈ।