ਪੀਐਮ ਮੋਦੀ ਨੂੰ ਸੁਖਜਿੰਦਰ ਰੰਧਾਵਾ ਨੇ ਲਿਖਿਆ ਪੱਤਰ

 ਪੀਐਮ ਮੋਦੀ ਨੂੰ ਸੁਖਜਿੰਦਰ ਰੰਧਾਵਾ ਨੇ ਲਿਖਿਆ ਪੱਤਰ

ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਅੰਤਰਰਾਸ਼ਟਰੀ ਪੱਧਰ ‘ਤੇ “ਨੋ ਵਾਰ ਜ਼ੋਨ” (No-War Zone) ਘੋਸ਼ਿਤ ਕੀਤਾ ਜਾਵੇ। 

ਉਨ੍ਹਾਂ ਨੇ ਪੱਤਰ ’ਚ ਲਿਖਿਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਕੋਈ ਆਮ ਸਥਾਨ ਨਹੀਂ ਹੈ, ਇਹ ਸਿੱਖ ਧਰਮ ਦੀ ਆਤਮਾ ਹੈ ਅਤੇ ਸ਼ਾਂਤੀ ਦਾ ਅਧਿਆਤਮਿਕ ਪ੍ਰਤੀਕ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰਤਾ ਅਤੇ ਸ਼ਾਨ ਦੀ ਰੱਖਿਆ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।  ਕੇਂਦਰ ਸਰਕਾਰ ਮੇਰੀ ਇਸ ਅਪੀਲ ਨੂੰ ਰਾਜਨੀਤਿਕ ਨਹੀਂ, ਸਗੋਂ ਸ਼ਾਂਤੀ ਦੇ ਪ੍ਰਤੀਕ ਦੀ ਸੁਰੱਖਿਆ ਵਜੋਂ ਦੇਖੇਗੀ।

                              Image

ਸੰਸਦ ਮੈਂਬਰ ਨੇ ਲਿਖਿਆ ਕਿ, “ਸ੍ਰੀ ਹਰਿਮੰਦਰ ਸਾਹਿਬ ਕੋਈ ਆਮ ਧਾਰਮਿਕ ਥਾਂ ਨਹੀਂ, ਸਗੋਂ ਸਿੱਖੀ ਦੀ ਰੂਹ ਅਤੇ ਪੂਰੇ ਵਿਸ਼ਵ ਲਈ ਅਮਨ, ਪਿਆਰ ਤੇ ਇਕਤਾ ਦਾ ਚਾਨਣ ਮੁਨਾਰਾ ਹੈ।“

ਉਨ੍ਹਾਂ ਨੇ ਕਿਹਾ ਕਿ ਜਿਵੇਂ ਵੈਟੀਕਨ ਸਿਟੀ ਨੂੰ ਵਿਸ਼ਵ ਪੱਧਰੀ ਸੁਰੱਖਿਆ ਮਿਲੀ ਹੋਈ ਹੈ, ਉਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰੂਹਾਨੀ ਮਹੱਤਤਾ ਨੂੰ ਮਨਵਾਉਂਦਿਆਂ ਉਨ੍ਹਾਂ ਲਈ ਵਿਸ਼ਵ ਪੱਧਰੀ ਸੁਰੱਖਿਆ ਢਾਂਚਾ ਵਿਕਸਿਤ ਕੀਤਾ ਜਾਵੇ।

ਪੱਤਰ ਵਿੱਚ ਉਨ੍ਹਾਂ ਨੇ ਹਾਲੀਆ ਭਾਰਤ-ਪਾਕਿਸਤਾਨ ਤਣਾਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਦੀ ਸਰਹੱਦੀ ਨੇੜਤਾ, ਸੰਘਰਸ਼ ਸਮੇਂ ਇਨ੍ਹਾਂ ਪਵਿੱਤਰ ਸਥਾਨਾਂ ਲਈ ਖਤਰੇ ਦਾ ਕਾਰਨ ਬਣ ਸਕਦੀ ਹੈ।

“ਇਹ ਅਪੀਲ ਕਿਸੇ ਰਾਜਨੀਤਕ ਖੇਤਰ ਅਧਿਕਾਰ ਦੀ ਮੰਗ ਨਹੀਂ, ਸਗੋਂ ਵਿਸ਼ਵ ਪੱਧਰ ’ਤੇ ਇੱਕ ਆਤਮਿਕ ਕੇਂਦਰ ਦੀ ਸੁਰੱਖਿਆ ਲਈ ਇੱਕ ਨੈਤਿਕ ਅਰਜ਼ੀ ਹੈ।“

ਸੁਖਜਿੰਦਰ ਰੰਧਾਵਾ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਜਿਵੇਂ ਦੁਨੀਆ ਭਰ ਵਿੱਚ ਹਿੰਸਾ ਅਤੇ ਤਣਾਅ ਵੱਧ ਰਹੇ ਹਨ, ਉਹਵੇਲੇ ਸਿੱਖ ਧਰਮ ਦਾ “ਸਰਬੱਤ ਦਾ ਭਲਾ” ਵਾਲਾ ਸੰਦੇਸ਼ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਸਿੱਖ ਭਾਈਚਾਰੇ ਅਤੇ ਸਿਵਲ ਸਮਾਜ ਵੱਲੋਂ ਉਠਾਈ ਗਈ ਇਹ ਚਿੰਤਾ, ਹੁਣ ਇੱਕ ਅੰਤਰਰਾਸ਼ਟਰੀ ਚਰਚਾ ਅਤੇ ਕਾਨੂੰਨੀ ਰਾਹਤ ਦੀ ਮੰਗ ਕਰ ਰਹੀ ਹੈ।