- Updated: September 05, 2026 08:56 AM
ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ 33 ਅਤੇ ਰਾਜਸਥਾਨ ਦੇ ਇੱਕ ਨੌਜਵਾਨ ਦੇ ਪਿਛਲੇ ਕਰੀਬ 5 ਤੋਂ 6 ਮਹੀਨਿਆਂ ਤੋਂ ਇੰਡੋਨੇਸ਼ੀਆ ਦੇ ਟਾਪੂ ਦਿਲੀ ਤਿਮੋਰ-ਲੇਸਤੇ ਵਿੱਚ ਫਸੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਨੌਜਵਾਨਾਂ ਦੇ ਅੱਠ ਪਰਿਵਾਰਾਂ ਨੇ ਅੱਜ ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵੀਡੀਓ ਕਾਲ ਰਾਹੀਂ ਸੰਪਰਕ ਕਰਕੇ ਨੌਜਵਾਨਾਂ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਮਦਦ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਇਹਨੀ ਦਿਨੀ ਸੰਤ ਸੀਚੇਵਾਲ ਇੰਗਲੈਂਡ ਵਿੱਚ ਹਨ ਪਰ ਉਹ ਫਿਰ ਪੰਜਾਬ ਸਾਰੋਕਾਰਾਂ ਨਾਲ ਜੁੜ ਹੋਏ ਹਨ। ਉੱਥੋਂ ਹੀ ਉਹਨਾਂ ਨੇ ਭਾਰਤ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਇਹਨਾਂ ਨੌਜਵਾਨਾਂ ਦੀ ਭਾਰਤ ਵਾਪਸੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੇ ਇਹਨਾਂ 08 ਪੀੜਤ ਪਰਿਵਾਰਾਂ ਨੇ ਦੱਸਿਆ ਕਿ ਏਜੰਟਾਂ ਵੱਲੋਂ ਆਸਟ੍ਰੇਲੀਆ ਵਿੱਚ ਰੋਜ਼ਗਾਰ ਦਿਵਾਉਣ ਦਾ ਭਰੋਸਾ ਦੇ ਕੇ ਹਰੇਕ ਪਰਿਵਾਰ ਤੋਂ ਕਰੀਬ 5 ਤੋਂ 11 ਲੱਖ ਰੁਪਏ ਤੱਕ ਦੀ ਰਕਮ ਲਈ ਗਈ, ਜੋ ਕੁੱਲ 3 ਕਰੋੜ ਦੇ ਕਰੀਬ ਬਣਦੀ ਹੈ। ਜਿਸਨੂੰ ਉਨ੍ਹਾਂ ਨੇ ਆਪਣਾ ਘਰ, ਜ਼ਮੀਨ ਤੇ ਗਹਿਣੇ ਆਦਿ ਗਿਰਵੀ ਰੱਖ ਕੇ ਕਰਜ਼ਾ ਚੁੱਕ ਕੇ ਦਿੱਤੀ ਸੀ। ਇਸ ਤੋਂ ਬਾਅਦ ਨੌਜਵਾਨਾਂ ਨੂੰ ਭਾਰਤ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ 2 ਤੋਂ 6 ਦਿਨਾਂ ਦੇ ਸਫਰ ਤੋਂ ਬਾਅਦ ਬਾਲੀ ਅਤੇ ਮਲੇਸ਼ੀਆ ਰਾਹੀਂ ਦਿਲੀ ਤਿਮੋਰ-ਲੇਸਤੇ ਭੇਜਿਆ ਗਿਆ। ਜਿੱਥੇ ਏਜੰਟਾਂ ਨੇ ਇਹਨਾਂ ਨੌਜਵਾਨਾਂ ਨੂੰ ਪਿੰਡ ਬਾਘਾਪੁਰਾਣਾ ਦੇ ਰਹਿਣ ਵਾਲੇ ਵਿਜੈ ਨਾਮਕ ਵਿਅਕਤੀ ਦੇ ਹਵਾਲੇ ਕਰ ਦਿੱਤਾ ਗਿਆ। ਜਿੱਥੇ ਉਨ੍ਹਾਂ ਦੇ ਪਾਸਪੋਰਟ ਆਪਣੇ ਕਬਜ਼ੇ ਵਿੱਚ ਲੈ ਲਏ ਗਏ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਹਨਾਂ ਦੇ ਬੱਚਿਆਂ ਨੂੰ ਉੱਥੇ ਬੰਦੀ ਬਣਾ ਕਿ ਰੱਖਿਆ ਗਿਆ। ਉਹਨਾਂ ਨੇ ਨੌਜਵਾਨਾਂ ਨੂੰ ਡਰਾਉਣ-ਧਮਕਾਉਣ, ਮਰਜ਼ੀ ਦੇ ਵਿਰੁੱਧ ਮਜ਼ਦੂਰੀ ਕਰਵਾਉਣ, ਮਿਹਨਤ ਦੀ ਕਮਾਈ ਰੋਕਣ ਅਤੇ ਲੋੜੀਂਦਾ ਭੋਜਨ ਨਾ ਦੇਣ ਦੇ ਗੰਭੀਰ ਦੋਸ਼ ਲਗਾਏ।
ਪੀੜਤ ਪਰਿਵਾਰਾਂ ਨੇ ਦੱਸਿਆ ਕਿ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਵਿਰੋਧ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਾਸਪੋਰਟ ਵਾਪਸ ਮਿਲੇ। ਇਸ ਤੋਂ ਬਾਅਦ ਸਥਾਨਕ ਪੁਲਿਸ ਵੱਲੋਂ ਵਿਜੈ ਨਾਮਕ ਵਿਅਕਤੀ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਹੁਣ ਤੱਕ ਕਰੀਬ 10 ਨੌਜਵਾਨ ਆਪਣੇ ਯਤਨਾਂ ਅਤੇ ਖਰਚੇ ’ਤੇ ਭਾਰਤ ਵਾਪਸ ਆ ਚੁੱਕੇ ਹਨ, ਜਦਕਿ 34 ਨੌਜਵਾਨ ਅਜੇ ਵੀ ਤਿਮੋਰ-ਲੇਸਤੇ ਵਿੱਚ ਫਸੇ ਹੋਏ ਦੱਸੇ ਜਾ ਰਹੇ ਹਨ।
ਫਸੇ ਨੌਜਵਾਨਾਂ ਵਿੱਚ ਮੋਗਾ ਦੇ 8, ਜਲੰਧਰ ਦੇ 7, ਫਿਰੋਜ਼ਪੁਰ ਦੇ 6, ਲੁਧਿਆਣਾ ਦੇ 5, ਫਾਜ਼ਿਲਕਾ ਦੇ 2 ਅਤੇ ਤਰਨਤਾਰਨ, ਕਪੂਰਥਲਾ, ਪਟਿਆਲਾ ਤੇ ਜਲਾਲਾਬਾਦ ਨਾਲ ਸਬੰਧਤ ਇੱਕ-ਇੱਕ ਨੌਜਵਾਨ ਸ਼ਾਮਲ ਦੱਸੇ ਜਾ ਰਹੇ ਹਨ। ਜਦਕਿ ਇੱਕ ਨੌਜਵਾਨ ਰਾਜਸਥਾਨ ਦਾ ਰਹਿਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਤਿਮੋਰ-ਲੇਸਤੇ ਵਿੱਚ ਫਸੇ ਨੌਜਵਾਨਾਂ ਨੇ ਵੀਡੀਓ ਜਾਰੀ ਕਰਕੇ ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਆਪਣੀ ਵਤਨ ਵਾਪਸੀ ਲਈ ਮਦਦ ਦੀ ਗੁਹਾਰ ਲਗਾਈ।
ਵਾਪਸ ਪਰਤੇ ਨੌਜਵਾਨਾਂ ਨੇ ਸੁਣਾਈ ਹੱਡਬੀਤੀ
ਜਲੰਧਰ ਦੇ ਸੰਦੀਪ ਸਿੰਘ ਅਤੇ ਰਾਜਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ 10 ਨੌਜਵਾਨ ਲੰਮੇ ਸੰਘਰਸ਼ ਤੋਂ ਬਾਅਦ ਭਾਰਤ ਪਰਤੇ ਹਨ। ਉਨ੍ਹਾਂ ਦੱਸਿਆ ਕਿ ਪਾਸਪੋਰਟ ਖੋਹਣ ਤੋਂ ਬਾਅਦ ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾਂਦਾ ਸੀ ਅਤੇ ਮਰਜ਼ੀ ਦੇ ਵਿਰੁੱਧ ਕੰਮ ਕਰਵਾਇਆ ਜਾਂਦਾ ਸੀ। ਉਨ੍ਹਾਂ ਅਨੁਸਾਰ, ਮਿਹਨਤ ਦੀ ਕਮਾਈ ਨਹੀਂ ਦਿੱਤੀ ਜਾਂਦੀ ਸੀ ਅਤੇ ਕਈ ਵਾਰ ਬਹੁਤ ਘੱਟ ਭੋਜਨ ਨਾਲ ਗੁਜ਼ਾਰਾ ਕਰਨਾ ਪੈਂਦਾ ਸੀ। ਉਹਨਾਂ ਨੂੰ ਉੱਥੇ ਇੱਕ ਤਰ੍ਹਾਂ ਨਾਲ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਨੌਜਵਾਨਾਂ ਨੇ ਦਾਅਵਾ ਕੀਤਾ ਕਿ ਵਿਜੈ ਵੱਲੋਂ ਪਹਿਲਾਂ ਵੀ ਕਈ ਨੌਜਵਾਨਾਂ ਨੂੰ ਉੱਥੇ ਬੰਦੀ ਬਣਾ ਕੇ ਰੱਖਿਆ ਗਿਆ ਸੀ।