ਮੁਅੱਤਲ ASI ''ਤੇ ਮਹਿਲਾ ਨਾਲ ਬਦਸਲੂਕੀ ਦੇ ਦੋਸ਼, ਕੱਪੜੇ ਪਾੜਨ ਅਤੇ ਧਮਕੀਆਂ ਦੇਣ ਦਾ ਮਾਮਲਾ

ਮੁਅੱਤਲ ASI ''ਤੇ ਮਹਿਲਾ ਨਾਲ ਬਦਸਲੂਕੀ ਦੇ ਦੋਸ਼, ਕੱਪੜੇ ਪਾੜਨ ਅਤੇ ਧਮਕੀਆਂ ਦੇਣ ਦਾ ਮਾਮਲਾ

ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਮੁਬਾਰਕਪੁਰ ਸ਼ੇਖੇ ’ਚ ਸਸਪੈਂਡ ਏ. ਐੱਸ. ਆਈ. ’ਤੇ ਔਰਤ ਨਾਲ ਮਾੜਾ ਵਿਵਹਾਰ ਕਰਨ ਅਤੇ ਉਸ ਦੇ ਕੱਪੜੇ ਫਾੜਨ ਦੇ ਗੰਭੀਰ ਦੋਸ਼ ਲੱਗੇ ਹਨ। ਪੀੜਤ ਪਰਿਵਾਰ ਨੇ ਏ. ਐੱਸ. ਆਈ. ’ਤੇ ਸ਼ਰਾਬ ਦੇ ਨਸ਼ੇ ’ਚ ਵਿਵਾਦ ਕਰਨ ਅਤੇ ਕੁੱਟਮਾਰ ਕਰਨ ਦਾ ਵੀ ਦੋਸ਼ ਲਾਇਆ ਹੈ। ਮਾਮਲੇ ਦੀ ਸ਼ਿਕਾਇਤ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਗਈ ਹੈ।

ਸ਼ਿਕਾਇਤ ਕਰਤਾ ਅਨੁਰਾਧਾ ਪਤਨੀ ਪਰਮਜੀਤ ਕੁਮਾਰ ਨਿਵਾਸੀ ਮੁਬਾਰਕਪੁਰ ਸ਼ੇਖੇ ਨੇ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 8 ਵਜੇ ਉਨ੍ਹਾਂ ਦਾ ਪੁੱਤਰ ਗੌਰਵ ਸਾਮਾਨ ਲੈਣ ਗਿਆ ਸੀ। ਇਸੇ ਦੌਰਾਨ ਸ਼ਰਾਬ ਦੇ ਨਸ਼ੇ 'ਚ ਆਏ ਏ. ਐੱਸ. ਆਈ. ਨੇ ਉਸ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਬਾਅਦ 'ਚ ਉਹ ਉਨ੍ਹਾਂ ਦੇ ਘਰ ਦੇ ਬਾਹਰ ਵੀ ਵਿਵਾਦ ਕਰਨ ਲੱਗਾ। ਅਨੁਰਾਧਾ ਮੁਤਾਬਕ ਉਨ੍ਹਾਂ ਨੇ ਏ. ਐੱਸ. ਆਈ. ਦੇ ਹੱਥ ਜੋੜ ਕੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਏ. ਐੱਸ. ਆਈ. ਦੇ ਪਰਿਵਾਰ ਦੇ ਮੈਂਬਰ ਉੱਥੇ ਪਹੁੰਚ ਗਏ ਅਤੇ ਗੌਰਵ 'ਤੇ ਹਮਲਾ ਕਰ ਦਿੱਤਾ। ਬਚਾਅ ਕਰਨ 'ਤੇ ਏ. ਐੱਸ. ਆਈ. ਨੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ।

ਅਨੁਰਾਧਾ ਨੇ ਦੋਸ਼ ਲਾਇਆ ਕਿ ਗੌਰਵ ਵੱਲੋਂ ਘਟਨਾ ਦੀ ਵੀਡੀਓ ਬਣਾਉਣ 'ਤੇ ਏ. ਐੱਸ. ਆਈ. ਦੀ ਧੀ ਨੇ ਉਸ ਦਾ ਮੋਬਾਇਲ ਖੋਹਣ ਦਾ ਯਤਨ ਕੀਤਾ। ਇਸ ਤੋਂ ਬਾਅਦ ਏ. ਐੱਸ. ਆਈ. ਦੇ ਪੁੱਤਰ ਨੇ ਵਿਦੇਸ਼ ਤੋਂ ਫੋਨ ਕਰਕੇ ਪਰਿਵਾਰ ਨੂੰ ਗਾਲਾਂ ਕੱਢੀਆਂ ਅਤੇ ਜਾਨ ਤੋਂ ਮਰਵਾਉਣ ਦੀ ਧਮਕੀ ਦਿੱਤੀ। ਉੱਧਰ ਥਾਣਾ ਮਕਸੂਦਾਂ ਦੇ ਇੰਚਾਰਜ ਨੇ ਦੱਸਿਆ ਕਿ ਦੋਹਾਂ ਧਿਰਾਂ ਵੱਲੋਂ ਸ਼ਿਕਾਇਤਾਂ ਮਿਲੀਆਂ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ 'ਚ ਜਿਸ ਦੀ ਵੀ ਗਲਤੀ ਸਾਹਮਣੇ ਆਵੇਗੀ, ਉਸ ਦੇ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।