ਕੈਨੇਡਾ ਤੋਂ ਪਰਤੇ 22 ਸਾਲਾ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਬਣਾਇਆ ''ਸਰਪੰਚ''

ਕੈਨੇਡਾ ਤੋਂ ਪਰਤੇ 22 ਸਾਲਾ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਬਣਾਇਆ ''ਸਰਪੰਚ''

ਕੈਨੇਡਾ 'ਚ ਸਬਜ਼ੀ ਲੱਦਣ ਤੋਂ ਲੈ ਆਪਣੇ ਮਾਮੇ ਦੀ ਬਿਮਾਰੀ ਕਾਰਨ ਵਾਪਸ ਪਰਤ ਕੇ ਪਿੰਡ ਦੇ ਸਰਪੰਚ ਬਣਨ ਤੱਕ ਦਾ ਸਫ਼ਰ ਤੈਅ ਕਰਨ ਵਾਲੇ 22 ਸਾਲਾ ਸਵਰਾਜ ਸਿੰਘ ਢਿੱਲੋਂ ਸੰਭਾਵਿਤ ਤੌਰ 'ਤੇ ਪੰਜਾਬ ਦੇ ਸਭ ਤੋਂ ਨੌਜਵਾਨ ਸਰਪੰਚ ਬਣੇ ਹਨ। ਜਾਣਕਾਰੀ ਮੁਤਾਬਕ ਕੈਨੇਡਾ ਦੇ ਇਕ ਗੋਦਾਮ 'ਚ ਫਲ ਅਤੇ ਸਬਜ਼ੀਆਂ ਲੱਦਣ ਦਾ ਕੰਮ ਕਰਦਾ ਸੀ। ਇਸ ਦੌਰਾਨ ਸਵਰਾਜ ਪਿੰਡ ਦਾ ਸਰਪੰਚ ਚੁਣੇ ਜਾਣ 'ਤੇ ਹੁਣ ਰਵਾਇਤੀ ਪਹਿਰਾਵੇ 'ਚ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ।

ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਵਰਾਜ ਢਿੱਲੋ ਨੇ ਦੱਸਿਆ ਕਿ ਉਹ ਕੈਨੇਡਾ ਦੇ ਓਂਟਾਰੀਓ ਵਿੱਚ ਲੈਬਟਨ ਕਾਲਜ ਤੋਂ ਇੰਟਰਨੈਸ਼ਨਲ ਬਿਜ਼ਨੈੱਸ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਮਾਰਚ 2024 ਵਿੱਚ ਪੰਜਾਬ ਵਾਪਸੀ ਕੀਤੀ। ਸਵਰਾਜ ਸਿੰਘ ਢਿੱਲੋ ਨੇ ਪਿੰਡ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਨੂੰ ਨਿਰਵਿਰੋਧ ਸਰਪੰਚ ਚੁਣਿਆ ਹੈ।

ਉਸ ਨੇ ਕਿਹਾ ਮੈਂ ਪਹਿਲਾਂ ਕਨੇਡਾ ਜਾਣ ਦਾ ਸੋਚਿਆ ਨਹੀਂ ਸੀ ਪਰ ਜਦੋਂ ਮੈਂ ਦੇਖਿਆ ਕਿ ਮੇਰੇ ਸਾਰੇ ਸਾਥੀ ਆਈਲੈਟਸ ਦੀ ਤਿਆਰੀ ਕਰ ਰਹੇ ਹਨ ਤਾਂ ਮੈਂ ਵੀ ਤਿਆਰੀ ਕੀਤੀ, ਜਿਸ 'ਚੋਂ ਮੇਰੇ 6.5 ਬੈਂਡ ਆਏ। ਇਸ ਤੋਂ ਬਾਅਦ 2021 ਵਿੱਚ ਮੈਂ ਕੈਨੇਡਾ ਚਲਾ ਗਿਆ, ਜਿੱਥੇ ਕੰਮ ਕਰਦੇ ਹੋਏ ਉਸ ਨੇ ਪ੍ਰਤੀ ਘੰਟਾ 16 ਕਨੇਡੀਅਨ ਡਾਲਰ ਕਮਾਏ।

ਉਸ ਨੇ ਦੱਸਿਆ ਕਿ ਉਹ ਕੈਨੇਡਾ ਤੋਂ ਆਪਣੇ ਮਾਮੇ ਦੀ ਬਿਮਾਰੀ ਕਾਰਨ ਵਾਪਸ ਆਇਆ ਅਤੇ ਉਸ ਨੇ ਲੋਕਾਂ ਦੀ ਸਲਾਹ 'ਤੇ ਸਰਪੰਚ ਦੀ ਚੋਣ ਲੜਨ ਦਾ ਫੈਸਲਾ ਕੀਤਾ ਸੀ। ਸਵਰਾਜ ਸਿੰਘ ਦੇ ਪਿੰਡ ਵਿੱਚ ਵਿਕਾਸ ਲਈ ਪਿੰਡ ਦੀਆਂ ਸੜਕਾਂ ਸੁਧਾਰਨ, ਖਾਲੀ ਪਏ ਅਧਿਆਪਕਾਂ ਦੇ ਅਹੁਦੇ ਭਰਨ, ਪਲਾਸਟਿਕ ਦਾ ਵਰਤੋਂ ਘਟਾਉਣ, ਕਚਰੇ ਦਾ ਸਹੀ ਪ੍ਰਬੰਧ ਕਰਨ, ਸ਼ਮਸ਼ਾਨ ਘਾਟ ਨੂੰ ਅਪਗਰੇਡ ਕਰਨ ਅਤੇ ਸਥਾਨਕ ਬੂਟੀਆਂ ਵਾਲਾ ਹੈਰਬਲ ਗਾਰਡਨ ਬਣਾਉਣ ਆਦਿ ਵਰਗੀਆਂ ਯੋਜਨਾਵਾਂ ਬਣਾ ਰਿਹਾ ਹੈ।

ਸਵਰਾਜ ਸਿੰਘ ਢਿੱਲੋਂ ਨੇ ਕਿਹਾ ਕਿ ਮੇਰੇ ਪਿੰਡ ਵਾਸੀਆਂ ਨੇ ਜੋ ਮਾਣ ਮੈਨੂੰ ਸਰਪੰਚ ਬਣਾ ਕੇ ਦਿੱਤਾ ਹੈ, ਮੈਂ ਸਾਰੀ ਉਮਰ ਪਿੰਡ ਵਾਸੀਆਂ ਦਾ ਰਿਣੀ ਰਹਾਂਗਾ ਤੇ ਆਪਣੇ ਪਿੰਡ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਬਣਾਵਾਂਗਾ। ਉੱਥੇ ਹੀ ਨਵੇਂ ਬਣੇ ਸਰਪੰਚ ਸਵਰਾਜ ਸਿੰਘ ਦੇ ਪਿਤਾ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਨਗਰ ਵਾਸੀਆਂ ਨੇ ਸਰਪੰਚ ਬਣਾ ਕੇ ਬਹੁਤ ਹੀ ਮਿਹਰ ਕੀਤੀ ਹੈ ਤੇ ਅਸੀਂ ਵੀ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਪਿੰਡ ਵਿੱਚ ਵੱਧ ਤੋਂ ਵੱਧ ਵਿਕਾਸ ਕਰਵਾਇਆ ਜਾਵੇਗਾ ਤੇ ਪਿੰਡ 'ਚੋਂ ਨਸ਼ਾ ਖ਼ਤਮ ਕਰ ਕੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਵੇਗਾ।