ਕੁੜੀਆਂ ਲਈ ਹਾਈ ਸਕੂਲ ਪ੍ਰੀਖਿਆਵਾਂ ਨੂੰ ਤਾਲਿਬਾਨ ਨੇ ਦਿੱਤੀ ਮਨਜ਼ੂਰੀ। 

 ਕੁੜੀਆਂ ਲਈ ਹਾਈ ਸਕੂਲ ਪ੍ਰੀਖਿਆਵਾਂ ਨੂੰ ਤਾਲਿਬਾਨ ਨੇ ਦਿੱਤੀ ਮਨਜ਼ੂਰੀ। 

ਅਫਗਾਨਿਸਤਾਨ ਵਿਚ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਦੇ ਇੱਕ ਅਧਿਕਾਰੀ ਅਤੇ ਦਸਤਾਵੇਜ਼ਾਂ ਨੇ ਮੰਗਲਵਾਰ ਨੂੰ ਸੰਕੇਤ ਦਿੱਤਾ ਕਿ ਅਫਗਾਨ ਕੁੜੀਆਂ ਇਸ ਹਫ਼ਤੇ ਹਾਈ ਸਕੂਲ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣਗੀਆਂ। ਹਾਲਾਂਕਿ ਅਫਗਾਨਿਸਤਾਨ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਤਾਲਿਬਾਨ ਨੇ ਕੁੜੀਆਂ ਦੇ ਕਲਾਸਾਂ ਵਿੱਚ ਜਾਣ 'ਤੇ ਪਾਬੰਦੀ ਲਗਾ ਦਿੱਤੀ ਸੀ। ਐਸੋਸੀਏਟਡ ਪ੍ਰੈਸ ਦੁਆਰਾ ਪ੍ਰਾਪਤ ਤਾਲਿਬਾਨ ਸਿੱਖਿਆ ਮੰਤਰਾਲੇ ਦੇ ਦੋ ਦਸਤਾਵੇਜ਼ਾਂ ਦੇ ਅਨੁਸਾਰ ਇਹ ਫ਼ੈਸਲਾ ਅਫਗਾਨਿਸਤਾਨ ਦੇ 34 ਸੂਬਿਆਂ ਵਿੱਚੋਂ 31 'ਤੇ ਲਾਗੂ ਹੋਵੇਗਾ, ਜਿੱਥੇ ਦਸੰਬਰ ਦੇ ਅਖੀਰ ਵਿੱਚ ਸਰਦੀਆਂ ਦੀਆਂ ਸਕੂਲਾਂ ਦੀਆਂ ਛੁੱਟੀਆਂ ਸ਼ੁਰੂ ਹੁੰਦੀਆਂ ਹਨ। ਕਾਬੁਲ ਦੇ ਸਿੱਖਿਆ ਵਿਭਾਗ ਦੇ ਮੁਖੀ ਅਹਿਸਾਨੁੱਲਾਹ ਕਿਤਾਬ ਨੇ ਕਿਹਾ ਕਿ ਪ੍ਰੀਖਿਆ ਬੁੱਧਵਾਰ ਨੂੰ ਹੋਵੇਗੀ। ਉਨ੍ਹਾਂ ਨੇ ਕੋਈ ਹੋਰ ਵੇਰਵਾ ਨਹੀਂ ਦਿੱਤਾ ਅਤੇ ਇਹ ਵੀ ਨਹੀਂ ਦੱਸਿਆ ਕਿ ਕਿੰਨੀਆਂ ਕੁੜੀਆਂ ਪ੍ਰੀਖਿਆ ਦੇਣ ਦੇ ਯੋਗ ਹੋਣਗੀਆਂ। ਕਾਬੁਲ ਸਿੱਖਿਆ ਵਿਭਾਗ ਦੇ ਇੱਕ ਦਸਤਾਵੇਜ਼ ਦੇ ਅਨੁਸਾਰ ਪ੍ਰੀਖਿਆ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗੀ। ਸਤੰਬਰ ਵਿੱਚ ਅਹੁਦਾ ਸੰਭਾਲਣ ਵਾਲੇ ਸਿੱਖਿਆ ਮੰਤਰੀ ਹਬੀਬੁੱਲਾ ਆਗਾ ਦੁਆਰਾ ਹਸਤਾਖਰ ਕੀਤੇ ਇੱਕ ਦੂਜੇ ਦਸਤਾਵੇਜ਼ ਵਿੱਚ ਕਿਹਾ ਗਿਆ ਕਿ ਪ੍ਰੀਖਿਆ 31 ਅਫਗਾਨ ਸੂਬਿਆਂ ਵਿੱਚ ਹੋਵੇਗੀ।