CM ਮਾਨ ਨੇ ਫਿਰੋਜ਼ਪੁਰ ''ਚ ਕੱਢਿਆ ਰੋਡ ਸ਼ੋਅ, ਪਾਰਟੀ ਉਮੀਦਵਾਰ ਦੇ ਹੱਕ ''ਚ ਕੀਤਾ ਪ੍ਰਚਾਰ

 CM ਮਾਨ ਨੇ ਫਿਰੋਜ਼ਪੁਰ ''ਚ ਕੱਢਿਆ ਰੋਡ ਸ਼ੋਅ, ਪਾਰਟੀ ਉਮੀਦਵਾਰ ਦੇ ਹੱਕ ''ਚ ਕੀਤਾ ਪ੍ਰਚਾਰ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਿਸ਼ਨ 'ਆਪ 13-0' ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਫਿਰੋਜ਼ਪੁਰ ਵਿਖੇ ਰੋਡ ਸ਼ੋਅ ਕੱਢਿਆ ਗਿਆ। ਇੱਥੋਂ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਲੋਕ ਉਨ੍ਹਾਂ ਨੂੰ ਜੋ ਪਿਆਰ ਦੇ ਰਹੇ ਹਨ, ਇਹ ਇੰਝ ਹੀ ਨਹੀਂ ਮਿਲਦਾ, ਸਗੋਂ ਕਿਸੇ ਗੱਲ ਨਾਲ ਮਿਲਦਾ ਹੈ। ਪਿਆਰ ਕਮਾਉਣ ਲਈ ਪਹਿਲਾਂ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣੀ ਪੈਂਦੀ ਹੈ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਜਿੱਥੇ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ ਹੈ, ਉੱਥੇ ਹੀ ਕਿਸਾਨਾਂ ਨੂੰ ਵੀ 24 ਘੰਟੇ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ 'ਚ ਕਰ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਹਨ।

ਇਸ ਲਈ ਉਨ੍ਹਾਂ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਵੀ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਉਨ੍ਹਾਂ ਨੂੰ 13 ਬਾਹਾਂ ਹੋਰ ਦੇ ਦੇਣ ਅਤੇ 13 ਜ਼ੁਬਾਨਾਂ ਦੇ ਦੇਣ, ਜਿਹੜੀਆਂ ਲੋਕਾਂ ਦੇ ਹੱਕਾਂ ਲਈ ਬੋਲ ਸਕਣ ਤਾਂ ਕਿਸੇ ਦੀ ਮਜ਼ਾਲ ਨਹੀਂ ਹੈ ਕਿ ਪੰਜਾਬ ਦਾ ਇਕ ਵੀ ਰੁਪਿਆ ਰੋਕ ਲੈਣ। ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਅੰਦਰ ਕਰਕੇ ਭਾਜਪਾ ਇਹ ਸੋਚ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਖ਼ਤਮ ਕਰ ਦੇਣਗੇ ਪਰ ਕੇਜਰੀਵਾਲ ਇਕ ਸੋਚ ਦਾ ਨਾਂ ਹੈ, ਜਿਸ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ।