ਭਾਰਤ ਨਾਲ ਪੰਨੂ ਕਤਲ ਦੀ ਸਾਜ਼ਸ਼ ’ਤੇ ਗੱਲਬਾਤ ਸਨਮਾਨਯੋਗ ਅਤੇ ਅਸਰਦਾਰ ਰਹੀ: ਅਮਰੀਕੀ NSA

ਭਾਰਤ ਨਾਲ ਪੰਨੂ ਕਤਲ ਦੀ ਸਾਜ਼ਸ਼ ’ਤੇ ਗੱਲਬਾਤ ਸਨਮਾਨਯੋਗ ਅਤੇ ਅਸਰਦਾਰ ਰਹੀ: ਅਮਰੀਕੀ NSA

ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ (NSA) ਜੇਕ ਸੁਲੀਵਾਨ ਨੇ ਕਿਹਾ ਹੈ ਕਿ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂੰ ਨੂੰ ਮਾਰਨ ਦੀ ਸਾਜ਼ਸ਼ ਦੇ ਦੋਸ਼ਾਂ ’ਤੇ ਭਾਰਤ ਨਾਲ ਗੱਲਬਾਤ ‘ਸਨਮਾਨਤਜਨਕ’ ਅਤੇ ‘ਅਸਰਦਾਰ’ ਰਹੀ ਹੈ ਕਿਉਂਕਿ ਇਹ ਬੰਦ ਦਰਵਾਜ਼ਿਆਂ ਦੇ ਪਿੱਛੇ ਹੋ ਰਹੀ ਹੈ। ਭਾਰਤ ਸਰਕਾਰ ਦਾ ਇਕ ਅਧਿਕਾਰੀ ਕਥਿਤ ਤੌਰ ’ਤੇ ਇਸ ਸਾਜ਼ਸ਼ ਵਿਚ ਸ਼ਾਮਲ ਸੀ। 

ਪਿਛਲੇ ਸਾਲ ਨਵੰਬਰ ’ਚ ਅਮਰੀਕੀ ਫੈਡਰਲ ਪ੍ਰੋਸੀਕਿਊਟਰਾਂ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ’ਤੇ ਨਿਊਯਾਰਕ ’ਚ ਗੁਰਪਤਵੰਤ ਸਿੰਘ ਪੰਨੂੰ ਦੀ ਹੱਤਿਆ ਦੀ ਸਾਜ਼ਸ਼ ’ਚ ਭਾਰਤ ਸਰਕਾਰ ਦੇ ਇਕ ਕਰਮਚਾਰੀ ਨਾਲ ਸਹਿਯੋਗ ਕਰਨ ਦਾ ਦੋਸ਼ ਲਗਾਇਆ ਸੀ। ਗੁਪਤਾ ਨੂੰ ਪਿਛਲੇ ਸਾਲ ਜੂਨ ਵਿਚ ਚੈੱਕ ਗਣਰਾਜ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 14 ਜੂਨ ਨੂੰ ਅਮਰੀਕਾ ਹਵਾਲੇ ਕਰ ਦਿਤਾ ਗਿਆ ਸੀ। 

ਉਨ੍ਹਾਂ ਕਿਹਾ, ‘‘ਅਸੀਂ ਇਸ ਮੁੱਦੇ ’ਤੇ ਭਾਰਤ ਨਾਲ ਰਚਨਾਤਮਕ ਗੱਲਬਾਤ ਕੀਤੀ ਹੈ। ਅਸੀਂ ਇਹ ਸਪੱਸ਼ਟ ਕਰ ਦਿਤਾ ਹੈ ਕਿ ਅਸੀਂ ਇਸ ’ਤੇ ਕੀ ਖੜ੍ਹੇ ਹਾਂ ਅਤੇ ਅਸੀਂ ਕੀ ਵੇਖਣਾ ਚਾਹੁੰਦੇ ਹਾਂ। ਮੈਨੂੰ ਲਗਦਾ ਹੈ ਕਿ ਇਹ (ਗੱਲਬਾਤ) ਸਨਮਾਨਜਨਕ ਅਤੇ ਪ੍ਰਭਾਵਸ਼ਾਲੀ ਰਹੀ ਹੈ ਕਿਉਂਕਿ ਇਹ ਬੰਦ ਦਰਵਾਜ਼ਿਆਂ ਦੇ ਪਿੱਛੇ ਹੋ ਰਹੀ ਹੈ।’’ 

ਸੁਲੀਵਾਨ ਸ਼ੁਕਰਵਾਰ ਨੂੰ ਕੋਲੋਰਾਡੋ ਵਿਚ ਐਸਪੇਨ ਸਕਿਓਰਿਟੀ ਫੋਰਮ ਵਿਚ ਪੰਨੂੰ ਦੀ ਹੱਤਿਆ ਦੀ ਕੋਸ਼ਿਸ਼ ਨਾਲ ਜੁੜੇ ਦੋਸ਼ਾਂ ਬਾਰੇ ਇਕ ਸਵਾਲ ਦੇ ਜਵਾਬ ਵਿਚ ਬੋਲ ਰਹੇ ਸਨ। 

ਭਾਰਤ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਪਰ ਉਨ੍ਹਾਂ ਦੀ ਜਾਂਚ ਲਈ ਅੰਦਰੂਨੀ ਜਾਂਚ ਟੀਮ ਦਾ ਗਠਨ ਕੀਤਾ ਹੈ। ਭਾਰਤ ਨਾਲ ਗੱਲਬਾਤ ਬਾਰੇ ਸੁਲੀਵਾਨ ਨੇ ਕਿਹਾ, ‘‘ਮੈਨੂੰ ਨਹੀਂ ਲਗਦਾ ਕਿ ਉਨ੍ਹਾਂ ਗੱਲਬਾਤ ਦੀ ਕਿਸਮ ਬਾਰੇ ਜਨਤਕ ਤੌਰ ’ਤੇ ਗੱਲ ਕਰਨ ਦਾ ਕੋਈ ਮਹੱਤਵ ਹੈ। ਇਹ ਇਕ ਸੰਵੇਦਨਸ਼ੀਲ ਮੁੱਦਾ ਹੈ। ਅਸੀਂ ਇਸ ’ਤੇ ਕੰਮ ਕਰ ਰਹੇ ਹਾਂ... ਅਸੀਂ ਇਸ ਮੁੱਦੇ ’ਤੇ ਭਾਰਤ ਨਾਲ ਰਚਨਾਤਮਕ ਵਿਚਾਰ ਵਟਾਂਦਰੇ ਕੀਤੇ ਹਨ।’’