ਪੰਜਾਬ ਵਿੱਚ ਇਸ ਬਿਮਾਰੀ ਦਾ ਪ੍ਰਕੋਪ ਵਧਿਆ, 60 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ।

ਪੰਜਾਬ ਵਿੱਚ ਇਸ ਬਿਮਾਰੀ ਦਾ ਪ੍ਰਕੋਪ ਵਧਿਆ, 60 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ।

ਪੰਜਾਬ ਵਿਚ ਟਿਊਬਰਕੁਲੋਸਿਸ (ਟੀ. ਬੀ.) ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਕਾਰਨ ਸਿਹਤ ਵਿਭਾਗ ਦੀ ਚਿੰਤਾ ਵੀ ਵਧ ਗਈ ਹੈ। ਸੂਬੇ ਵਿਚ ਇਸ ਸਮੇਂ ਕੁੱਲ 60,744 ਨਵੇਂ ਟੀ. ਬੀ. ਮਰੀਜ਼ ਦਰਜ ਕੀਤੇ ਗਏ ਹਨ। ਪਿਛਲੇ ਪੰਜ ਸਾਲਾਂ ਦੌਰਾਨ ਟੀ. ਬੀ. ਦੇ ਕੇਸਾਂ ਵਿਚ ਲੱਗਭਗ 22 ਫੀਸਦੀ ਵਾਧਾ ਦਰਜ ਹੋਇਆ ਹੈ, ਜਿਸ ਤੋਂ ਸਾਫ਼ ਹੈ ਕਿ ਇਹ ਬੀਮਾਰੀ ਘਟਣ ਦੀ ਬਜਾਏ ਤੇਜ਼ੀ ਨਾਲ ਫੈਲ ਰਹੀ ਹੈ। ਅੰਕੜਿਆਂ ਅਨੁਸਾਰ ਸਾਲ 2021 ਵਿਚ 50,142, 2022 ਵਿਚ 55,150, 2023 ਵਿਚ 55,224, 2024 ਵਿਚ 59,020 ਅਤੇ 2025 ਵਿਚ 61,360 ਮਰੀਜ਼ ਸਾਹਮਣੇ ਆਏ ਹਨ।

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਘਣੀ ਅਬਾਦੀ, ਪੋਸ਼ਣ ਦੀ ਕਮੀ, ਗਰੀਬੀ ਅਤੇ ਸਮੇਂ ਸਿਰ ਇਲਾਜ ਨਾ ਕਰਵਾਉਣਾ ਇਸ ਬਿਮਾਰੀ ਦੇ ਵਧਣ ਦੇ ਮੁੱਖ ਕਾਰਨ ਹਨ। ਜ਼ਿਲਾਵਾਰ ਅੰਕੜਿਆਂ ਵਿਚ ਲੁਧਿਆਣਾ 13,106 ਕੇਸਾਂ ਨਾਲ ਪਹਿਲੇ ਨੰਬਰ ‘ਤੇ ਹੈ, ਜਦਕਿ ਅੰਮ੍ਰਿਤਸਰ 4,325 ਕੇਸਾਂ ਨਾਲ ਦੂਜੇ ਨੰਬਰ ‘ਤੇ ਹੈ। ਇਸ ਤੋਂ ਬਾਅਦ ਜਲੰਧਰ ਵਿਚ 3,164 ਅਤੇ ਪਟਿਆਲਾ ਵਿਚ 3,027 ਕੇਸ ਦਰਜ ਕੀਤੇ ਗਏ ਹਨ। ਅੰਮ੍ਰਿਤਸਰ ਦੀ ਜ਼ਮੀਨੀ ਹਕੀਕਤ ਹੋਰ ਵੀ ਗੰਭੀਰ ਮੰਨੀ ਜਾ ਰਹੀ ਹੈ, ਕਿਉਂਕਿ ਇੱਥੇ ਹਰ ਸਾਲ 5,000 ਤੋਂ 7,000 ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ ਅਤੇ ਕਰੀਬ 100 ਲੋਕਾਂ ਦੀ ਮੌਤ ਵੀ ਦਰਜ ਕੀਤੀ ਜਾ ਰਹੀ ਹੈ।

ਹਰ ਰੋਜ਼ 165 ਨਵੇਂ ਮਰੀਜ਼ : ਸਿਹਤ ਵਿਭਾਗ ਦੇ ਅਨੁਸਾਰ ਪੰਜਾਬ ਵਿਚ ਹਰ ਰੋਜ਼ ਔਸਤਨ 165 ਨਵੇਂ ਟੀ. ਬੀ. ਮਰੀਜ਼ ਸਾਹਮਣੇ ਆ ਰਹੇ ਹਨ। ਇਹ ਦਰਸਾਉਂਦਾ ਹੈ ਕਿ ਟੀ. ਬੀ. ਰੋਕਥਾਮ ਲਈ ਚੱਲ ਰਹੀਆਂ ਮੁਹਿੰਮਾਂ ਵਿਚ ਹੋਰ ਤੇਜ਼ੀ ਅਤੇ ਜਾਗਰੂਕਤਾ ਦੀ ਲੋੜ ਹੈ। ਟੀ. ਬੀ. ਇਕ ਸੰਕਰਾਮਕ ਬਿਮਾਰੀ ਹੈ ਜੋ ਮੁੱਖ ਤੌਰ ‘ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਦੋ ਹਫ਼ਤਿਆਂ ਤੋਂ ਵੱਧ ਖੰਘ ਰਹਿਣਾ, ਬੁਖਾਰ, ਰਾਤ ਨੂੰ ਪਸੀਨਾ ਆਉਣਾ, ਵਜ਼ਨ ਘਟਣਾ, ਛਾਤੀ ਵਿਚ ਦਰਦ ਅਤੇ ਖੰਘ ਵਿਚ ਖੂਨ ਆਉਣਾ ਇਸ ਦੇ ਮੁੱਖ ਲੱਛਣ ਮੰਨੇ ਜਾਂਦੇ ਹਨ।

ਟੀ. ਬੀ. ਦਾ ਇਲਾਜ ਮੁਫ਼ਤ ਅਤੇ ਸੰਭਵ

ਸਰਕਾਰੀ ਟੀ. ਬੀ. ਹਸਪਤਾਲ ਦੇ ਡਾਕਟਰ ਵਿਸ਼ਾਲ ਵਰਮਾ ਨੇ ਦੱਸਿਆ ਕਿ ਟੀ. ਬੀ. ਦਾ ਇਲਾਜ ਪੂਰੀ ਤਰ੍ਹਾਂ ਮੁਫ਼ਤ ਅਤੇ ਸੰਭਵ ਹੈ, ਪਰ ਕਈ ਲੋਕ ਦਵਾਈ ਅਧੂਰੀ ਛੱਡ ਦਿੰਦੇ ਹਨ, ਜਿਸ ਕਾਰਨ ਬੀਮਾਰੀ ਹੋਰ ਵਧਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਦੇ ਅਧੀਨ ਚੱਲ ਰਹੇ ਹਸਪਤਾਲ ਵਿਚ ਮਰੀਜ਼ਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਹੀ ਹੈ। ਸਰਕਾਰੀ ਟੀ. ਬੀ. ਹਸਪਤਾਲ ਦੇ ਡਾਕਟਰ ਤੁਸ਼ਾਰ ਬਾਂਸਲ ਦੇ ਅਨੁਸਾਰ ਪੋਸ਼ਣ ਦੀ ਕਮੀ ਅਤੇ ਗਰੀਬ ਵਰਗ ਵਿਚ ਸਹੀ ਖੁਰਾਕ ਨਾ ਮਿਲਣਾ ਟੀ. ਬੀ. ਦੇ ਫੈਲਾਅ ਨੂੰ ਵਧਾਉਂਦਾ ਹੈ। ਉਨ੍ਹਾਂ ਦੱਸਿਆ ਕਿ ਟੀ. ਬੀ. ਹਵਾ ਰਾਹੀਂ ਫੈਲਦੀ ਹੈ ਅਤੇ ਮਰੀਜ਼ ਦੇ ਖੰਘਣ, ਛੀਕਣ ਜਾਂ ਬੋਲਣ ਨਾਲ ਬੈਕਟੀਰੀਆ ਹੋਰ ਲੋਕਾਂ ਤੱਕ ਪੁਹੰਚ ਜਾਂਦੇ ਹਨ।

ਸਟਿਗਮਾ ਕਾਰਨ ਲੋਕ ਬੀਮਾਰੀ ਲੁਕਾਉਂਦੇ ਹਨ

ਜ਼ਿਲਾ ਟੀ. ਬੀ. ਅਧਿਕਾਰੀ ਡਾ. ਵਿਜੇ ਗੋਤਵਾਲ ਨੇ ਕਿਹਾ ਕਿ ਸਮਾਜਿਕ ਸਟਿਗਮਾ ਕਾਰਨ ਕਈ ਲੋਕ ਆਪਣੀ ਬਿਮਾਰੀ ਲੁਕਾਉਂਦੇ ਹਨ, ਜਿਸ ਨਾਲ ਇਨਫੈਕਸ਼ਨ ਹੋਰ ਤੇਜ਼ੀ ਨਾਲ ਫੈਲਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਜਾਂਚ ਅਤੇ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਟੀ. ਬੀ. ’ਤੇ ਕਾਬੂ ਪਾਇਆ ਜਾ ਸਕਦਾ ਹੈ।

ਟੀ. ਬੀ. ਦੇ ਵਧਦੇ ਮਾਮਲੇ ਇਕ ਵੱਡੀ ਚਿਤਾਵਨੀ : ਨਰੇਸ਼ ਚਾਵਲਾ, ਰਜਨੀਸ਼ ਸ਼ਰਮਾ

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਟੀ. ਬੀ. ਕੰਟਰੋਲ ਪ੍ਰੋਗਰਾਮ ਦੇ ਨੋਡਲ ਅਧਿਕਾਰੀ ਡਾ. ਨਰੇਸ਼ ਚਾਵਲਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਕ੍ਰੀਨਿੰਗ ਅਤੇ ਟ੍ਰੈਕਿੰਗ ਸਿਸਟਮ ਮਜ਼ਬੂਤ ਨਾ ਕੀਤਾ ਗਿਆ ਤਾਂ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ। ਆਈ. ਐੱਮ. ਏ ਦੇ ਮੈਂਬਰ ਡਾ. ਰਜਨੀਸ਼ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਵਿਚ ਟੀ. ਬੀ. ਦੇ ਵਧਦੇ ਮਾਮਲੇ ਇਕ ਵੱਡੀ ਚਿਤਾਵਨੀ ਹਨ। ਉਨ੍ਹਾਂ ਕਿਹਾ ਕਿ ਲੱਛਣਾਂ ਦੀ ਪਹਿਚਾਣ, ਸਮੇਂ ’ਤੇ ਜਾਂਚ ਅਤੇ ਪੂਰਾ ਇਲਾਜ ਹੀ ਇਸ ਬੀਮਾਰੀ ’ਤੇ ਕਾਬੂ ਪਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ।