- Updated: May 22, 2026 12:26 PM
ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਸੜਕ ਵਿਚਾਲੇ ਬੱਸ ਪਲਟ ਗਈ ਜਿਸ ਕਰਕੇ 2 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਦੇ ਬਾਅਦ ਮੌਕੇ ‘ਤੇ ਚੀਕ-ਚਿਹਾੜਾ ਮਚ ਗਿਆ। ਟੂਰਿਸਟ ਬੱਸ ਅੰਮ੍ਰਿਤਸਰ ਤੋਂ ਜੰਮੂ ਜਾ ਰਹੀ ਸੀ ਤੇ ਇਸ ਵਿਚ ਜ਼ਿਆਦਾਤਰ ਕਾਲਜ ਦੇ ਵਿਦਿਆਰਥੀ ਸਵਾਰ ਸਨ। ਇਸ ਦੇ ਪਲਟਦੇ ਹੀ ਪਿੱਛੇ ਤੋਂ ਆ ਰਹੀਆਂ 3-4 ਗੱਡੀਆਂ ਵੀ ਇਕ-ਦੂਜੇ ਨਾਲ ਟਕਰਾ ਗਈਆਂ।
ਸੜਕ ਵਿਚਾਲੇ ਪਹਿਲਾਂ ਬੱਸ ਪਲਟਦੀ ਹੈ ਤੇ ਫਿਰ ਗੱਡੀਆਂ ਦੀ ਭਿਆਨਕ ਟੱਕਰ ਹੁੰਦੀ ਹੈ। ਗੁਰਦਾਸਪੁਰ ਦਾ ਕਸਬਾ ਧਾਰੀਵਾਲ ਜਿਥੇ ਵਿਧੀਪੁਰ ਫਾਟਕ ਨੇੜੇ ਟੂਰਿਸਟ ਬੱਸ ਪਲਟੀ ਹੈ। ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਤੇਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚੇ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਕਾਰਨ ਨੈਸ਼ਨਲ ਹਾਈਵੇ ‘ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ।
ਮੌਕੇ ‘ਤੇ ਪੁਲਿਸ ਅਧਿਕਾਰੀ ਪਹੁੰਚੇ ਤੇ ਪੁਲਿਸ ਨੇ ਤੁਰੰਤ ਕ੍ਰੇਨ ਦੀ ਮਦਦ ਨਾਲ ਦੁਰਘਟਨਾਗ੍ਰਸਤ ਬੱਸ ਤੇ ਆਪਸ ਵਿਚ ਟਕਰਾਏ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਬਹਾਲ ਕਰਵਾ ਦਿੱਤਾ ਹੈ। ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸੜਕ ਹਾਦਸੇ ਵਿਚ ਮ੍ਰਿਤਕਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵਾਹਿਗੁਰੂ ਜੀ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ । ਮੈਂ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ।