- Updated: December 23, 2023 02:19 PM
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ 'ਰੇਲਵੇ ਵਿਚ ਨੌਕਰੀ ਬਦਲੇ ਜ਼ਮੀਨ' ਘੁਟਾਲੇ ਦੇ ਮਾਮਲੇ ਵਿਚ ਨਵਾਂ ਸੰਮਨ ਜਾਰੀ ਕੀਤਾ ਅਤੇ ਉਨ੍ਹਾਂ ਨੂੰ 5 ਜਨਵਰੀ, 2024 ਨੂੰ ਪੇਸ਼ ਹੋਣ ਲਈ ਕਿਹਾ। ਅਧਿਕਾਰਤ ਸੂਤਰਾਂ ਨੇ ਪੀਟੀਆਈ ਨੂੰ ਇਹ ਜਾਣਕਾਰੀ ਦਿਤੀ।
ਇਸ ਤੋਂ ਪਹਿਲਾਂ ਈਡੀ ਨੇ ਤੇਜਸਵੀ (34) ਨੂੰ 22 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਪੇਸ਼ ਨਹੀਂ ਹੋਏ। ਤੇਜਸਵੀ ਨੇ ਈਡੀ ਦੇ ਨੋਟਿਸ ਨੂੰ ਨਿਯਮਤ ਪ੍ਰਕਿਰਿਆ ਦਸਿਆ ਸੀ। ਤੇਜਸਵੀ ਦੇ ਪਿਤਾ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਇਸ ਮਾਮਲੇ ਵਿਚ 27 ਦਸੰਬਰ ਨੂੰ ਦਿੱਲੀ ਵਿਚ ਈਡੀ ਹੈੱਡਕੁਆਰਟਰ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਹ ਕਥਿਤ ਘੁਟਾਲਾ ਉਸ ਸਮੇਂ ਦਾ ਹੈ ਜਦੋਂ ਲਾਲੂ ਪ੍ਰਸਾਦ (75) ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਰੇਲ ਮੰਤਰੀ ਸਨ। ਇਲਜ਼ਾਮ ਹਨ ਕਿ 2004 ਤੋਂ 2009 ਤਕ ਭਾਰਤੀ ਰੇਲਵੇ ਦੇ ਵੱਖ-ਵੱਖ ਜ਼ੋਨਾਂ ਵਿੱਚ ਗਰੁੱਪ 'ਡੀ' ਦੇ ਅਹੁਦਿਆਂ 'ਤੇ ਕਈ ਵਿਅਕਤੀਆਂ ਨੂੰ ਨਿਯੁਕਤ ਕੀਤਾ ਗਿਆ ਅਤੇ ਬਦਲੇ ਵਿਚ ਇਨ੍ਹਾਂ ਵਿਅਕਤੀਆਂ ਨੇ ਅਪਣੀ ਜ਼ਮੀਨ ਤਤਕਾਲੀ ਰੇਲ ਮੰਤਰੀ ਲਾਲੂ ਪ੍ਰਸਾਦ ਦੇ ਪਰਿਵਾਰਕ ਮੈਂਬਰਾਂ ਅਤੇ ਇਕ ਸਬੰਧਤ ਕੰਪਨੀ ਏ.ਕੇ. ਇਨਫੋਸਿਸਟਮ ਪ੍ਰਾਈਵੇਟ ਲਿਮਟਿਡ ਨੂੰ ਤਬਦੀਲ ਕਰ ਦਿਤੀ ਸੀ।