- Updated: September 22, 2025 04:59 PM
ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਨੇ ਦੀਵਾਲੀ ਮੌਕੇ ਅਯੁੱਧਿਆ ਵਿਚ ਹਨ੍ਹੇਰਾ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਉਸ ਵੱਲੋਂ ਬਟਾਲਾ ਵਿਚ ਖਾਲਿਸਤਾਨੀ ਨਾਅਰੇ ਲਿਖਵਾਏ ਜਾਣ ਦਾ ਵੀ ਦਾਅਵਾ ਕੀਤਾ ਗਿਆ ਹੈ। ਇਸ ਦੇ ਇਲਾਵਾ ਪੰਨੂ ਨੇ ਪੰਜਾਬ ਵਿਚ ਰਹਿ ਪ੍ਰਵਾਸੀਆਂ ਨੂੰ ਵੀ ਦੀਵਾਲੀ ਤੋਂ ਪਹਿਲਾਂ ਪੰਜਾਬ ਛੱਡਣ ਦਾ ਅਲਟੀਮੇਟਮ ਦਿੱਤਾ ਹੈ।
ਗੁਰਪਤਵੰਤ ਸਿੰਘ ਪੰਨੂੰ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਪੰਜਾਬ ਵਿਚ ਸਿਰਫ਼ ਉਹੀ, ਰਹੇਗਾ ਜੋ ਦੀਵਾਲੀ ਦੀ ਬਜਾਏ ਬੰਦੀ ਛੋੜ ਦਿਵਸ 'ਤੇ ਦੀਪਮਾਲਾ ਕਰੇਗਾ। ਉਸ ਨੇ ਕਿਹਾ ਕਿ 19 ਅਕਤੂਬਰ ਤੱਕ ਪ੍ਰਵਾਸੀ ਪੰਜਾਬ ਛੱਡ ਦੇਣ, ਨਹੀਂ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਥੇ ਹੀ ਪੰਨੂੰ ਨੇ ਵੀਡੀਓ ਵਿਚ ਬਟਾਲਾ ਰੇਲਵੇ ਸਟੇਸ਼ਨ ਦੇ ਕੁਝ ਵਿਜ਼ੁਅਲ ਵੀ ਵਿਖਾਏ ਹਨ। ਉਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਟਾਲਾ ਰੇਲਵੇ ਸਟੇਸ਼ਨ 'ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ। ਉਸ ਨੇ ਕਿਹਾ ਕਿ ਇਹ ਨਾਅਰੇ ਸਟੇਸ਼ਨ ਦੇ ਬੋਰਡ ਅਤੇ ਇਲੈਕਟ੍ਰੀਸਿਟੀ ਬਾਕਸ 'ਤੇ ਉਸ ਨੇ ਹੀ ਲਿਖਵਾਏ ਹਨ।
ਆਪਣੇ ਸੰਦੇਸ਼ ਵਿਚ ਪੰਨੂੰ ਨੇ ਕਿਹਾ ਕਿ ਖਾਸ ਕਰਕੇ ਪ੍ਰਵਾਸੀ ਪੰਜਾਬੀ ਸੂਬਾ ਛੱਡਣ, ਜੋ ਹਿੰਦੂਤਵ ਅੱਤਵਾਦ ਫੈਲਾਉਣ ਦਾ ਕੰਮ ਕਰ ਰਹੇ ਹਨ। ਉਸ ਨੇ ਚਿਤਾਵਨੀ ਦਿੱਤੀ ਕਿ ਅਲਟੀਮੇਟਮ ਨਾ ਮੰਨਣ 'ਤੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਫਿਲਹਾਲ ਉਸ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਉਹ ਕਿਵੇਂ ਦੀ ਕਾਰਵਾਈ ਕਰੇਗਾ।

ਗੁਰਪਤਵੰਤ ਸਿੰਘ ਪੰਨੂੰ ਨੇ ਵੀਡੀਓ ਵਿੱਚ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵੀ ਨਿਸ਼ਾਨਾ ਸਾਧਿਆ। ਉਸ ਨੇ ਦੋਸ਼ ਲਗਾਇਆ ਕਿ ਡੀ. ਜੀ. ਪੀ. ਯਾਦਵ ਹਿੰਦੂ ਅੱਤਵਾਦ ਫੈਲਾਉਣ ਵਾਲਿਆਂ ਦਾ ਸਮਰਥਨ ਕਰ ਰਹੇ ਹਨ। ਉਸ ਨੇ ਸੀ. ਐੱਮ. ਭਗਵੰਤ ਮਾਨ ਨੂੰ ਚਿਤਾਵਨੀ ਵੀ ਦਿੱਤੀ ਕਿ ਉਹ ਆਪਣੀ ਪਾਰਟੀ ਨੂੰ ਉਸੇ ਤਰ੍ਹਾਂ ਤਬਾਹ ਕਰ ਦੇਣਗੇ ਜਿਵੇਂ ਕਾਂਗਰਸ ਅਤੇ ਭਾਜਪਾ ਪੰਜਾਬ ਵਿੱਚ ਕਰ ਚੁੱਕੀਆਂ ਹਨ।