J&K: ਕੁਲਗਾਮ ''ਚ ਅੱਤਵਾਦੀ ਹਮਲਾ, ਨਾਂ ਪੁੱਛਣ ਮਗਰੋਂ ਹਿੰਦੂਆਂ ''ਤੇ ਚਲਾਈਆਂ ਗੋਲੀਆਂ

J&K: ਕੁਲਗਾਮ ''ਚ ਅੱਤਵਾਦੀ ਹਮਲਾ, ਨਾਂ ਪੁੱਛਣ ਮਗਰੋਂ ਹਿੰਦੂਆਂ ''ਤੇ ਚਲਾਈਆਂ ਗੋਲੀਆਂ

ਅੱਤਵਾਦੀਆਂ ਨੇ ਇੱਕ ਵਾਰ ਫਿਰ ਕਾਇਰਾਨਾ ਹਰਕਤ ਕਰਦੇ ਹੋਏ ਸ਼ੁੱਕਰਵਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਵਿਚ ਇੱਟ-ਭੱਠੇ ‘ਤੇ ਕੰਮ ਕਰਨ ਵਾਲੇ ਛੱਤੀਸਗੜ੍ਹ ਦੇ ਦੋ ਮਜ਼ਦੂਰਾਂ ਨੂੰ ਗੋਲੀ ਮਾਰ ਦਿੱਤੀ। ਹਮਲੇ ਵਿੱਚ ਦੋਵੇਂ ਮਜ਼ਦੂਰ ਮਾਰੇ ਗਏ। ਇਸ ਦੌਰਾਨ ਸੁਰੱਖਿਆ ਬਲਾਂ ਨੇ ਆਲੇ-ਦੁਆਲੇ ਦੇ ਖੇਤਰ ਨੂੰ ਘੇਰ ਲਿਆ ਹੈ ਅਤੇ ਹਮਲੇ ਤੋਂ ਬਾਅਦ ਭੱਜਣ ਵਾਲੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਲਸ਼ਕਰ-ਏ-ਤੋਇਬਾ ਦੇ ਇੱਕ ਫਰੰਟ ਸੰਗਠਨ, ਰੈਜ਼ਿਸਟੈਂਸ ਫਰੰਟ (ਟੀਆਰਐਫ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਹਮਲੇ ਕਰਨ ਦੀ ਧਮਕੀ ਦਿੱਤੀ ਹੈ।

ਸ਼ੁੱਕਰਵਾਰ ਰਾਤ ਲਗਭਗ 8.15 ਵਜੇ ਦੋ ਅੱਤਵਾਦੀਆਂ ਨੇ ਕੁਲਗਾਮ ਦੇ ਕੇਲਮ ਖੇਤਰ ਵਿੱਚ ਇੱਕ ਇੱਟਾਂ ਦੇ ਭੱਠੇ ‘ਤੇ ਹਮਲਾ ਕੀਤਾ। ਕਥਿਤ ਤੌਰ ‘ਤੇ ਅੱਤਵਾਦੀਆਂ ਨੇ ਦੋਵਾਂ ਹਿੰਦੂ ਮਜ਼ਦੂਰਾਂ ਤੋਂ ਉਨ੍ਹਾਂ ਦੇ ਨਾਮ ਪੁੱਛੇ ਅਤੇ ਫਿਰ ਉਨ੍ਹਾਂ ‘ਤੇ ਨੇੜਿਓਂ ਗੋਲੀਬਾਰੀ ਕੀਤੀ। ਦੋਵੇਂ ਮਜ਼ਦੂਰ ਨੇੜੇ ਹੀ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ।

ਗੋਲੀ ਲੱਗਣ ਤੋਂ ਬਾਅਦ ਦੋਵੇਂ ਮਜ਼ਦੂਰ ਜ਼ਮੀਨ ‘ਤੇ ਡਿੱਗ ਪਏ ਅਤੇ ਅੱਤਵਾਦੀ ਇਹ ਸਮਝ ਕੇ ਭੱਜ ਗਏ ਕਿ ਉਹ ਮਰ ਗਏ ਹਨ। ਅੱਤਵਾਦੀਆਂ ਦੇ ਜਾਣ ਤੋਂ ਬਾਅਦ, ਉਨ੍ਹਾਂ ਦੇ ਸਾਥੀਆਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਖੂਨ ਨਾਲ ਲੱਥਪੱਥ ਮਜ਼ਦੂਰਾਂ ਨੂੰ ਅਨੰਤਨਾਗ ਮੈਡੀਕਲ ਕਾਲਜ (ਜੀਐਮਸੀ) ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਜ਼ਖਮੀ ਮਜ਼ਦੂਰ ਦੀਪਕ ਰਾਤਰੇ ਪੁੱਤਰ ਉਮਾ ਸ਼ੰਕਰ (24) ਨੂੰ ਮ੍ਰਿਤਕ ਐਲਾਨ ਦਿੱਤਾ। ਇੱਕ ਹੋਰ ਜ਼ਖਮੀ ਮਜ਼ਦੂਰ, ਭੂਪੇਂਦਰ (28) ਪੁੱਤਰ ਦਸ਼ਰਥ ਦੀ ਵੀ ਉਸੇ ਰਾਤ ਬਾਅਦ ਵਿੱਚ ਮੌਤ ਹੋ ਗਈ।

ਦੇਰ ਰਾਤ ਭੂਪੇਂਦਰ ਨੂੰ ਅਗਲੇ ਇਲਾਜ ਲਈ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (SKIMS) ਹਸਪਤਾਲ ਰੈਫਰ ਕਰ ਦਿੱਤਾ ਗਿਆ। ਦੀਪਕ ਦੀ ਛਾਤੀ ਵਿੱਚ ਗੋਲੀ ਲੱਗੀ ਸੀ ਅਤੇ ਭੂਪੇਂਦਰ ਦੇ ਪੇਟ ਵਿੱਚ। ਦੱਸ ਦੇਈਏ ਕਿ ਨੌਂ ਦਿਨਾਂ ਵਿੱਚ ਕਸ਼ਮੀਰ ਵਿੱਚ ਦੂਜਾ ਨਿਸ਼ਾਨਾ ਬਣਾਇਆ ਹਮਲਾ ਹੈ।

ਇਸ ਤੋਂ ਪਹਿਲਾਂ ਅੱਤਵਾਦੀਆਂ ਨੇ 22 ਜੁਲਾਈ ਨੂੰ ਅਨੰਤਨਾਗ ਦੇ ਲਾਲ ਚੌਕ ਖੇਤਰ ਵਿੱਚ ਸ਼੍ਰੀ ਅਮਰਨਾਥ ਯਾਤਰਾ ਡਿਊਟੀ ‘ਤੇ ਤਾਇਨਾਤ ਇੱਕ ਪੁਲਿਸ ਕਰਮਚਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਇਹ ਇਸ ਸਾਲ ਦਾ ਦੂਜਾ ਵੱਡਾ ਹਮਲਾ ਹੈ।