4 ਭਾਰਤੀਆਂ ਨਾਲ ਕੈਨੇਡਾ ''ਚ ਵਾਪਰ ਗਿਆ ਭਾਣਾ,ਟੇਸਲਾ ਕਾਰ ਡਿਵਾਈਡਰ ਨਾਲ ਟਕਰਾਈ

4 ਭਾਰਤੀਆਂ ਨਾਲ ਕੈਨੇਡਾ ''ਚ ਵਾਪਰ ਗਿਆ ਭਾਣਾ,ਟੇਸਲਾ ਕਾਰ ਡਿਵਾਈਡਰ ਨਾਲ ਟਕਰਾਈ

ਕੈਨੇਡਾ ਦੇ ਟੋਰਾਂਟੋ ਨੇੜੇ ਇਕ ਟੇਸਲਾ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗਣ ਕਾਰਨ 4 ਭਾਰਤੀਆਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਹਾਦਸੇ ਦਾ ਸ਼ਿਕਾਰ ਹੋਈ ਇਸ ਕਾਰ ਵਿੱਚ ਇੱਕ ਔਰਤ ਵੀ ਸੀ, ਜਿਸ ਨੂੰ ਰਾਹਗੀਰਾਂ ਨੇ ਬਹੁਤ ਮੁਸ਼ਕਤ ਨਾਲ ਬਾਹਰ ਕੱਢਿਆ ਅਤੇ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ।

ਇਹ ਭਿਆਨਕ ਹਾਦਸਾ 24 ਅਕਤੂਬਰ ਨੂੰ ਅੱਧੀ ਰਾਤ ਤੋਂ ਬਾਅਦ ਲੇਕ ਸ਼ੋਰ ਬੁਲੇਵਾਰਡ ਈਸਟ ਅਤੇ ਚੈਰੀ ਸਟ੍ਰੀਟ ਖੇਤਰ ਵਿੱਚ ਵਾਪਰਿਆ। ਟੋਰਾਂਟੋ ਪੁਲਸ ਦਾ ਕਹਿਣਾ ਹੈ ਕਿ ਟੇਸਲਾ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਮਗਰੋਂ ਉਸ ਨੂੰ ਅੱਗ ਲੱਗ ਗਈ, ਜਿਸ ਨਾਲ ਇਸ ਹਾਦਸੇ ਵਿਚ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਟੋਰਾਂਟੋ ਪੁਲਸ ਨੇ ਇਸ ਹਾਦਸੇ ਵਿੱਚ ਮਰਨ ਵਾਲੇ ਲੋਕਾਂ ਦੇ ਨਾਮ ਜਾਰੀ ਨਹੀਂ ਕੀਤੇ ਹਨ ਪਰ ਪਤਾ ਲੱਗਾ ਹੈ ਕਿ ਇਹ ਸਾਰੇ ਲੋਕ ਭਾਰਤ ਦੇ ਗੁਜਰਾਤ ਰਾਜ ਨਾਲ ਸਬੰਧਤ ਸਨ।

                         Image

ਟੋਰਾਂਟੋ ਪੁਲਸ ਦੇ ਡਿਪਟੀ ਇੰਸਪੈਕਟਰ ਫਿਲਿਪ ਸਿੰਕਲੇਅਰ ਦੇ ਅਨੁਸਾਰ ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਪਰ ਉਦੋਂ ਤੱਕ ਕਾਰ ਲਗਭਗ ਸੜ ਚੁੱਕੀ ਸੀ ਅਤੇ ਇਸ 'ਚ ਸਵਾਰ 5 ਵਿਅਕਤੀਆਂ 'ਚੋਂ ਸਿਰਫ ਇਕ ਔਰਤ ਨੂੰ ਹੀ ਬਚਾਇਆ ਜਾ ਸਕਿਆ। ਹਾਦਸੇ ਵਿੱਚ ਮਰਨ ਵਾਲੇ ਸਾਰੇ ਗੁਜਰਾਤੀ 20-30 ਸਾਲ ਦੇ ਸਨ, ਪਰ ਅਜੇ ਤੱਕ ਉਨ੍ਹਾਂ ਬਾਰੇ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।