CM ਮਾਨ ਵਿਆਹ ਵਾਲੇ ਮੁੰਡੇ ਦੀ ਗੱਲ ਸੁਣ ਹੋਏ ਭਾਵੁਕ ,ਫੋਟੋ ਖਿਚਵਾਈ ਨੌਕਰੀ ਲੈਣ ਆਈ ਕੁੜੀ ਨਾਲ 

CM ਮਾਨ ਵਿਆਹ ਵਾਲੇ ਮੁੰਡੇ ਦੀ ਗੱਲ ਸੁਣ ਹੋਏ ਭਾਵੁਕ ,ਫੋਟੋ ਖਿਚਵਾਈ ਨੌਕਰੀ ਲੈਣ ਆਈ ਕੁੜੀ ਨਾਲ 

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਥੇ ਮਿਊਂਸੀਪਲ ਭਵਨ ਵਿਖੇ ਵੱਖ-ਵੱਖ ਵਿਭਾਗਾਂ 'ਚ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਨਿਯੁਕਤੀ ਪੱਤਰ ਲੈਣ ਵਾਲੇ ਉਮੀਦਵਾਰਾਂ ਨੂੰ ਵੀ ਬੋਲਣ ਦਾ ਮੌਕਾ ਦਿੱਤਾ ਗਿਆ। ਇਸ ਦੌਰਾਨ ਇਕ ਉਮੀਦਵਾਰ ਨੇ ਦੱਸਿਆ ਕਿ ਉਸ ਦਾ ਪਰਸੋਂ ਨੂੰ ਵਿਆਹ ਹੈ ਅਤੇ ਅੱਜ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ, ਜਿਸ ਕਾਰਨ ਉਸ ਦਾ ਪੂਰਾ ਪਰਿਵਾਰ ਬਹੁਤ ਖ਼ੁਸ਼ ਹੈ। ਇਸ ਖ਼ੁਸ਼ੀ ਦੇ ਮੌਕੇ 'ਤੇ ਉਮੀਦਵਾਰ ਦੀਆਂ ਅੱਖਾਂ 'ਚ ਹੰਝੂ ਆ ਗਏ ਅਤੇ ਉਸ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

                        Image

ਉਸ ਨੇ ਦੱਸਿਆ ਕਿ ਉਸ ਦੇ ਮਾਤਾ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਉਨ੍ਹਾਂ ਦਾ ਸੁਫ਼ਨਾ ਸੀ ਕਿ ਮੈਂ ਸਰਕਾਰੀ ਨੌਕਰੀ ਕਰਾਂ, ਜੋ ਕਿ ਮੁੱਖ ਮੰਤਰੀ ਮਾਨ ਦੀ ਬਦੌਲਤ ਅੱਜ ਸੱਚ ਹੋ ਗਿਆ ਹੈ। ਉਸ ਨੂੰ ਦੇਖ ਕੇ ਮੁੱਖ ਮੰਤਰੀ ਵੀ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਸਾਹਾ ਬੱਝ ਜਾਂਦਾ ਹੈ ਅਤੇ ਜੇਕਰ ਉਹ ਪਹਿਲਾਂ ਦੱਸ ਦਿੰਦਾ ਤਾਂ ਉਸ ਦੇ ਘਰ ਹੀ ਉਸ ਨੂੰ ਨਿਯੁਕਤੀ ਪੱਤਰ ਪਹੁੰਚਾ ਦੇਣਾ ਸੀ। ਮੁੱਖ ਮੰਤਰੀ ਨੇ ਉਸ ਦੀ ਜੀਵਨ ਸਾਥਣ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਉਸ ਦਾ ਪੈੜਾ ਬਹੁਤ ਚੰਗਾ ਹੈ। ਇਸ ਸਮਾਰੋਹ ਦੌਰਾਨ ਹੋਰ ਵੀ ਬਹੁਤ ਸਾਰੇ ਉਮੀਦਵਾਰਾਂ ਨੇ ਦਿਲੀ ਗੱਲਾਂ ਅਤੇ ਆਪਣੇ ਤਜ਼ੁਰਬੇ ਮੁੱਖ ਮੰਤਰੀ ਨਾਲ ਸਾਂਝੇ ਕੀਤੇ ਅਤੇ ਸਭ ਬੇਹੱਦ ਖ਼ੁਸ਼ ਨਜ਼ਰ ਆਏ।

ਸਮਾਰੋਹ ਦੌਰਾਨ ਇਕ ਕੁੜੀ ਨੇ ਆਪਣੇ ਤਜ਼ੁਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਸ ਦਾ ਪਿੰਡ ਖਰੜ ਹਲਕੇ 'ਚ ਹੈ ਅਤੇ ਪਿੰਡ 'ਚੋਂ ਅੱਜ ਤੱਕ ਕਿਸੇ ਕੁੜੀ-ਮੁੰਡੇ ਨੇ ਬੀ. ਟੈੱਕ ਨਹੀਂ ਕੀਤੀ ਕਿਉਂਕਿ ਲੋਕ ਸੋਚਦੇ ਸਨ ਕਿ ਬੱਚਿਆਂ ਨੂੰ ਇੰਨਾ ਪੜ੍ਹਾ-ਲਿਖਾ ਕੇ ਕੋਈ ਫ਼ਾਇਦਾ ਨਹੀਂ ਹੈ ਕਿਉਂਕਿ ਸਰਕਾਰੀ ਨੌਕਰੀ ਨਹੀਂ ਮਿਲਣੀ। ਕੁੜੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਕੁੜੀਆਂ ਨੂੰ ਜ਼ਿਆਦਾ ਪੜ੍ਹਾਇਆ ਨਹੀਂ ਜਾਂਦਾ ਅਤੇ ਸਭ ਕੁੱਝ ਮੁੰਡਿਆਂ ਲਈ ਹੀ ਰੱਖਿਆ ਜਾਂਦਾ ਹੈ।

                          Image

ਉਸ ਦੇ ਨਾਲ ਦੀਆਂ ਸਭ ਕੁੜੀਆਂ ਦਾ ਵਿਆਹ ਹੋ ਚੁੱਕਾ ਹੈ ਪਰ ਉਸ ਦੇ ਪਿਤਾ ਦਾ ਸੁਫ਼ਨਾ ਸੀ ਕਿ ਮੇਰੇ ਬੱਚੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ, ਜੋ ਕਿ ਅੱਜ ਸੱਚ ਸਾਬਿਤ ਹੋ ਗਿਆ। ਕੁੜੀ ਦੀ ਗੱਲ ਸੁਣਨ ਮਗਰੋਂ ਮੁੱਖ ਮੰਤਰੀ ਮਾਨ ਨੇ ਉਸ ਨਾਲ ਫੋਟੋ ਵੀ ਕਰਵਾਈ। ਉਨ੍ਹਾਂ ਨੇ ਕੁੜੀ ਨੂੰ ਕਿਹਾ ਕਿ ਪਿੰਡ ਵਾਲਿਆਂ ਨੂੰ ਕਹਿ ਦੇਵੇ ਕਿ ਪੁੱਤ ਜੰਮਣ ਦੀ ਲੋੜ ਨਹੀਂ, ਧੀਆਂ ਬਹੁਤ ਨੇ। ਹੋਰ ਉਮੀਦਵਾਰਾਂ ਨੇ ਵੀ ਭਾਵੁਕ ਹੁੰਦਿਆਂ ਮੁੱਖ ਮੰਤਰੀ ਅੱਗੇ ਆਪਣੇ ਵਿਚਾਰ ਸਾਂਝੇ ਕੀਤੇ।