- Updated: July 08, 2023 02:21 PM
ਵਿਦੇਸ਼ਾਂ ਵਿਚੋਂ ਰੋਜ਼ਾਨਾ ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਜਲੰਧਰ ਦੇ ਗੋਰਾਇਆ ਦੇ ਰਹਿਣ ਵਾਲੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਅਮਨ ਸੈਣੀ ਵਜੋਂ ਹੋਈ ਹੈ, ਜੋਕਿ ਗੋਰਾਇਆ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਦਾ ਦੋ ਦਿਨ ਪਹਿਲਾਂ ਹੀ ਜਨਮਦਿਨ ਸੀ। ਜਿਵੇਂ ਹੀ ਨੌਜਵਾਨ ਦੀ ਮੌਤ ਦੀ ਖ਼ਬਰ ਪਰਿਵਾਰ ਵਾਲਿਆਂ ਨੂੰ ਲੱਗੀ ਤਾਂ ਸੋਗ ਦੀ ਲਹਿਰ ਦੌੜ ਪਈ। ਜਵਾਨ ਪੁੱਤ ਦੀ ਮੌਤ ਦੀ ਖ਼ਬਰ ਸੁਣ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।

ਮਿਲੀ ਜਾਣਕਾਰੀ ਅਮਨ ਸੈਣੀ ਕੁਝ ਸਾਲਾਂ ਤੋਂ ਕੈਨੇਡਾ ਰਹਿ ਰਿਹਾ ਸੀ। ਪੰਜਾਬ ਵਿਚ ਰਹਿੰਦੇ ਹੋਏ ਉਸ ਨੇ ਸੱਭਿਆਚਾਰ ਨੂੰ ਪ੍ਰਫੂਲਿਤ ਕਰਨ ਲਈ ਬੱਚਿਆਂ ਦੇ ਟੈਲੇਂਟ ਨਾਲ ਸਬੰਧਤ ਕਈ ਪ੍ਰੋਗਰਾਮ ਕਰਵਾਏ ਸਨ। ਅਮਨ ਸੈਣੀ ਵਿਆਹੁਤਾ ਸੀ।

ਦੱਸਿਆ ਜਾ ਰਿਹਾ ਹੈ ਕਿ ਏ.ਆਰ. ਸੈਣੀ ਗੈਲਮਰ ਵਰਲਡ ਚਲਾ ਰਿਹਾ ਸੀ। ਅਮਨ ਖ਼ੁਦ ਵੀ ਮਾਡਲਿੰਗ ਕਰਦਾ ਸੀ ਅਤੇ ਪਤਨੀ ਰਜਨੀ ਵੀ ਮਾਡਲ ਹੈ। ਅਮਨ ਦਾ ਇਕ ਪੁੱਤਰ ਹੈ। ਪਰਿਵਾਰ ਵਿਚ ਉਸ ਦਾ ਭਰਾ, ਮਾਤਾ ਅਤੇ ਪਤਨੀ ਸਣੇ ਪੁੱਤਰ ਵੀ ਕੈਨੇਡਾ ਵਿਚ ਹੀ ਰਹਿੰਦੇ ਹਨ।