- Updated: July 08, 2023 02:32 PM
ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਅਗਲੇ ਹਫ਼ਤੇ ਅਹਿਮਦਾਬਾਦ ਵਿੱਚ ਜੀ-20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਭਾਰਤ ਦਾ ਦੌਰਾ ਕਰਨਗੇ। ਵਿਸ਼ਵ ਬੈਂਕ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਬੰਗਾ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਭਾਰਤੀ-ਅਮਰੀਕੀ ਬੰਗਾ (63) ਨੇ ਜੂਨ ਵਿੱਚ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਸੀ। ਇਸ ਦੇ ਨਾਲ ਹੀ ਉਹ ਦੋ ਗਲੋਬਲ ਵਿੱਤੀ ਸੰਸਥਾਵਾਂ - ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (IMF) ਵਿੱਚੋਂ ਕਿਸੇ ਇੱਕ ਦਾ ਵੀ ਪ੍ਰਧਾਨ ਦਾ ਅਹੁਦਾ ਸੰਭਾਲਣ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਬਣ ਗਏ ਹਨ। ਭਾਰਤ ਕੋਲ ਜੀ-20 ਦੀ ਪ੍ਰਧਾਨਗੀ ਹੈ। ਗੁਜਰਾਤ ਜੁਲਾਈ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਚਾਰ ਜੀ-20 ਮੀਟਿੰਗਾਂ ਦੀ ਮੇਜ਼ਬਾਨੀ ਕਰੇਗਾ।
ਅਧਿਕਾਰੀਆਂ ਅਨੁਸਾਰ, ਇਹ ਮੀਟਿੰਗਾਂ ਵਪਾਰਕ ਪ੍ਰਤੀਨਿਧੀਆਂ ਨੂੰ ਵੱਖ-ਵੱਖ ਆਰਥਿਕ ਅਤੇ ਵਪਾਰ ਨਾਲ ਸਬੰਧਤ ਵਿਸ਼ਿਆਂ 'ਤੇ ਆਪਣੇ ਵਿਚਾਰ ਅਤੇ ਨੀਤੀਗਤ ਸਿਫਾਰਸ਼ਾਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕਰਨਗੀਆਂ। ਉਨ੍ਹਾਂ ਕਿਹਾ ਕਿ ਇਹ ਮੀਟਿੰਗਾਂ ਆਲਮੀ ਆਰਥਿਕ ਏਜੰਡੇ ਅਤੇ ਨੀਤੀਆਂ ਨੂੰ ਰੂਪ ਦੇਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।