- Updated: February 25, 2024 06:46 PM
ਕਿਰਤੀ ਕਿਸਾਨ ਯੂਨੀਅਨ ਨੇ ਕਿਸਾਨਾਂ ਉੱਤੇ ਹਰਿਆਣਾ ਪੁਲਿਸ ਵਲੋਂ ਕੀਤੇ ਅਣਮਨੁੱਖੀ ਜਬਰ ਵਿਰੁੱਧ 29 ਫਰਵਰੀ ਨੂੰ ਜ਼ਿਲ੍ਹਾ ਕੇਂਦਰਾਂ ਤੇ ਰੋਸ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਹੈ। ਜੱਥੇਬੰਦੀ ਦੇ ਇੱਕ ਵਫਦ ਨੇ ਅੱਜ ਪੀਜੀਆਈ ਵਿਖੇ ਪੁਲਿਸ ਜਬਰ ਦਾ ਸ਼ਿਕਾਰ ਹੋਏ ਅਤੇ ਜੇਰੇ ਇਲਾਜ ਪ੍ਰਿਤਪਾਲ ਸਿੰਘ ਦਾ ਹਾਲਚਾਲ ਪੁੱਛਣ ਲਈ ਦੌਰਾ ਕੀਤਾ।
ਇਸ ਵਫਦ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਪ੍ਰੈੱਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ, ਜਸਪਾਲ ਸਿੰਘ ਪੁਰਾਣੇ ਆਲਾ, ਜਗਸੀਰ ਸਿੰਘ ਢੁੱਡੀਕੇ ਅਤੇ ਗੁਰਵਿੰਦਰ ਸਿੰਘ ਦੇਧਨਾ ਸ਼ਾਮਲ ਸਨ। ਵਫਦ ਨੇ ਪ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਦੱਸਿਆ ਕਿ ਜੱਥੇਬੰਦੀ ਇਸ ਜਬਰ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰ ਰਹੀ ਹੈ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਬੀਤੇ ਦਿਨੀ ਯੂਨੀਅਨ ਦੀ ਸੂਬਾ ਕਮੇਟੀ ਦੀ ਹੋਈ ਮੀਟਿੰਗ ਵਿੱਚ ਕਿਸਾਨ ਲਹਿਰ ਉੱਤੇ ਹੋ ਰਹੇ ਜਬਰ ਦੇ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਯੂਨੀਅਨ ਨੇ ਇਸ ਜਬਰ ਨੂੰ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲੋਕਾਂ ਵਿਰੁੱਧ ਵਿੱਢੇ ਫਾਸ਼ੀਵਾਦੀ ਹਮਲੇ ਦਾ ਰੂਪ ਦੱਸਦਿਆਂ ਕਿਹਾ ਕਿ ਹਰਿਆਣਾ ਪੁਲਿਸ ਦੀ ਪੰਜਾਬ ਦੇ ਇਲਾਕੇ ਵਿੱਚ ਵੜ ਕੇ ਕੀਤੀ ਗਈ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਕਾਰਵਾਈ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਰਿਆਣਾ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਮਨੋਹਰ ਲਾਲ ਖੱਟਰ ਅਤੇ ਅਨਿਲ ਵਿੱਜ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹਨ। ਯੂਨੀਅਨ ਨੇ ਇਨ੍ਹਾਂ ਨੂੰ ਬਰਖਾਸਤ ਕਰਕੇ ਸ਼ਹੀਦ ਸ਼ੁੱਭਕਰਨ ਸਿੰਘ ਦੇ ਕਤਲ ਦਾ ਕੇਸ ਦਰਜ਼ ਕਰਨ ਦੀ ਮੰਗ ਕੀਤੀ ਹੈ।
ਕਿਸਾਨ ਆਗੂਆਂ ਨੇ ਜਬਰ ਦੇ ਸਮੁੱਚੇ ਘਟਨਾਕ੍ਰਮ ਦੀ ਸੁਪਰੀਮ ਕੋਰਟ ਦੇ ਜੱਜ ਤੋਂ ਨਿਆਇਕ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਤੋਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕੀਤੇ ਗਏ ਇਤਿਹਾਸਕ ਕਿਸਾਨ ਅੰਦੋਲਨ ਦਾ ਬਦਲਾ ਲੈਣ ਤੇ ਉਤਾਰੂ ਹੈ। ਇਸੇ ਕਰਕੇ ਦੋਹਾਂ ਸੂਬਿਆਂ ਦੀ ਹੱਦ ਨੂੰ ਅੰਤਰਰਾਸ਼ਟਰੀ ਹੱਦ ਦੇ ਰੂਪ ਵਿੱਚ ਤਬਦੀਲ ਕੀਤਾ ਗਿਆ ਹੈ।
ਯੂਨੀਅਨ ਨੇ ਖਨੌਰੀ ਵਿਖੇ ਨੁਕਸਾਨੇ ਗਏ ਟਰੈਕਟਰ ਅਤੇ ਹੋਰ ਵਾਹਨਾਂ ਦਾ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਹੈ। ਜੱਥੇਬੰਦੀ ਨੇ ਆਪਣੀਆਂ ਸਾਰੀਆਂ ਜ਼ਿਲ੍ਹਾ ਕਮੇਟੀਆਂ ਨੂੰ 29 ਫਰਵਰੀ ਦੇ ਮੁਜ਼ਾਹਰਿਆਂ ਨੂੰ ਸਫਲ ਬਣਾਉਣ ਲਈ ਜੁੱਟ ਜਾਣ ਦਾ ਸੱਦਾ ਦਿੱਤਾ ਹੈ।