30 ਲੱਖ ਦਾ ਖਰਚਾ ਕਰ IELTS ਪਾਸ ਨੂੰਹ ਨੂੰ ਭੇਜਿਆ ਕੈਨੇਡਾ, ਵਿਦੇਸ਼ ਜਾ ਕੇ ਮੁਕਰੀ ਕੁੜੀ

30 ਲੱਖ ਦਾ ਖਰਚਾ ਕਰ IELTS ਪਾਸ ਨੂੰਹ ਨੂੰ ਭੇਜਿਆ ਕੈਨੇਡਾ, ਵਿਦੇਸ਼ ਜਾ ਕੇ ਮੁਕਰੀ ਕੁੜੀ

ਵਿਦੇਸ਼ ਜਾਣ ਦੀ ਚਾਹਤ ਵਿੱਚ ਪੰਜਾਬ ਦੇ ਲੋਕ ਸਭ ਤੋਂ ਅੱਗੇ ਹਨ, ਬਾਹਰ ਜਾਣ ਦੇ ਚੱਕਰ ਵਿਚ ਆਪਣਾ ਘਰ ਬਾਰ ਜ਼ਮੀਨ ਤੱਕ ਵੇਚ ਦਿੰਦੇ ਹਨ।  ਕਈ ਵਾਰ ਆਈਲੈਟਸ ਪਾਸ (IELTS pass girl) ਲੜਕੀ ਮਿਲ ਜਾਵੇ ਤਾਂ ਆਪਣੇ ਬੇਟੇ ਨਾਲ ਵਿਆਹ ਕਰ ਲੜਕੀ ਦਾ ਸਾਰਾ ਖਰਚ ਚੁੱਕ ਕੇ  ਉਸ ਨੂੰ ਵਿਦੇਸ਼ ਭੇਜਦੇ ਪਰ ਵਿਦੇਸ਼ ਦੀ ਚਾਹਤ ਸਾਰਿਆਂ ਨੂੰ ਰਾਸ ਨਹੀਂ ਆਉਂਦੀ।

ਪੰਜਾਬ ਵਿਚ ਇਸ ਤਰ੍ਹਾਂ ਦੇ ਕਈ ਮਾਮਲੇ ਪੁਲਿਸ ਥਾਣਿਆਂ ਵਿਚ ਦਰਜ ਹਨ ਜਿਸ ਵਿਚ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਲਈ ਆਈਲੈਟਸ ਪਾਸ ਕੁੜੀ (IELTS pass girl) ਨਾਲ ਵਿਆਹ ਕਰ ਵਿਦੇਸ਼ ਭੇਜਣ ਤਕ ਅਤੇ ਉਸ ਦੀ ਪੜ੍ਹਾਈ ਤੱਕ ਦਾ ਖਰਚਾ ਕਰ ਦਿੰਦੇ ਹਨ ਪਰ ਆਖਰ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਤੋਂ ਬਾਅਦ ਪਰਿਵਾਰ ਬਰਬਾਦ ਹੋ ਜਾਂਦਾ ਹੈ।

ਅਜਿਹਾ ਹੀ ਇਕ ਹੋਰ ਮਾਮਲਾ ਗੁਰਦਾਸਪੁਰ ਦੇ ਪਿੰਡ ਦਬੜੀ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਪਰਿਵਾਰ ਨੇ ਲੱਖਾਂ ਰੁਪਏ ਖਰਚ ਕੇ ਆਪਣੀ ਨੂੰਹ ਨੂੰ ਕੈਨੇਡਾ ਭੇਜਿਆ ਤਾਂ ਜੋ ਉਹ ਉਨ੍ਹਾਂ ਦੇ ਲੜਕੇ ਨੂੰ ਕੈਨੇਡਾ ਬੁਲਾ ਕੇ ਸੈਟਲ ਹੋ ਸਕੇ ਪਰ ਲੜਕੀ ਵਿਦੇਸ਼ ਜਾ ਕੇ ਮੁਕਰ ਗਈ। ਜਦੋਂ ਲੜਕਾ ਆਪਣੇ ਦਮ 'ਤੇ ਕੈਨੇਡਾ ਗਿਆ ਤਾਂ ਲੜਕੀ ਨੇ ਜਾਨੋਂ ਮਾਰਨ ਦੀ ਧਮਕੀ ਤੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿਤਾ। ਲੜਕੇ ਨੂੰ ਪਤਾ ਲੱਗਾ ਕਿ ਉਹ ਵਿਦੇਸ਼ 'ਚ ਕਿਸੇ ਹੋਰ ਮੁੰਡੇ ਨਾਲ ਰਹਿ ਰਹੀ ਹੈ ਤਾਂ ਦੁੱਖ ਵਿਚ ਲੜਕਾ ਮਾਨਸਿਕ ਤੌਰ 'ਤੇ ਬੀਮਾਰ ਹੋ ਗਿਆ। ਇਸ ਤੋਂ ਨਿਰਾਸ਼ ਹੋ ਕੇ ਪਰਿਵਾਰ ਨੇ ਲੜਕੀ ਦੇ ਪਰਿਵਾਰ ਵਾਲਿਆਂ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਲੜਕੀ ਦੇ ਪਿਤਾ ਅਤੇ ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।

ਜਾਣਕਾਰੀ ਦਿੰਦਿਆਂ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਜੁਗਰਾਜ ਸਿੰਘ ਦਾ ਜਨਵਰੀ 2018 ਵਿਚ ਅਮਨਦੀਪ ਕੌਰ ਨਾਲ ਪ੍ਰੇਮ ਵਿਆਹ ਹੋਇਆ ਸੀ। ਲੜਕੀ ਦੇ ਪਰਿਵਾਰ ਨਾਲ ਹੋਏ ਸਮਝੌਤੇ ਅਨੁਸਾਰ ਅਮਨਦੀਪ ਕੌਰ ਨੂੰ ਆਈਲੈਟਸ ਕਰਵਾਉਣ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਅਮਰੀਕਾ ਅਤੇ ਫਿਰ ਨਿਊਜ਼ੀਲੈਂਡ ਭੇਜਣ ਲਈ ਫਾਈਲ ਲਗਾਈ, ਪਰ ਗੱਲ ਸਿਰੇ ਨਹੀਂ ਚੜ੍ਹੀ। ਮਾਰਚ 2019 ਵਿਚ ਉਸ ਦੀ ਕੈਨੇਡਾ ਦੀ ਫਾਈਲ ਲੱਗ ਗਈ ਅਤੇ ਲੱਖਾਂ ਰੁਪਏ ਅਦਾ ਕਰਨ ਤੋਂ ਬਾਅਦ ਉਸ ਨੂੰ ਕੈਨੇਡਾ ਭੇਜ ਦਿੱਤਾ ਗਿਆ।

ਕੁਝ ਮਹੀਨਿਆਂ ਬਾਅਦ ਉਹ ਵਾਪਸ ਆਈ ਅਤੇ ਇਕ ਮਹੀਨਾ ਪਰਿਵਾਰ ਨਾਲ ਰਹਿਣ ਤੋਂ ਬਾਅਦ ਦੁਬਾਰਾ ਕੈਨੇਡਾ ਚਲੀ ਗਈ ਅਤੇ ਵਾਅਦਾ ਕੀਤਾ ਕਿ ਜਲਦੀ ਹੀ ਆਪਣੇ ਪਤੀ ਜੁਗਰਾਜ ਸਿੰਘ ਨੂੰ ਵੀ ਕੈਨੇਡਾ ਬੁਲਾ ਲਵੇਗੀ।  ਪਰ ਅਮਨਦੀਪ ਕੌਰ ਨੇ ਜੁਗਰਾਜ ਸਿੰਘ ਨੂੰ ਉੱਥੇ ਜਾ ਕੇ ਨਹੀਂ ਬੁਲਾਇਆ। ਲੜਕਾ ਆਪਣੇ ਦਮ 'ਤੇ ਕੈਨੇਡਾ ਗਿਆ। ਉਥੇ ਜਾ ਕੇ ਅਮਨਦੀਪ ਨੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿਤਾ।

ਇਸ ਦੁੱਖ ਕਾਰਨ ਉਹ ਕੈਨੇਡਾ 'ਚ ਮਾਨਸਿਕ ਤੌਰ 'ਤੇ ਬਿਮਾਰ ਹੋ ਗਿਆ। ਲੜਕੀ ਨੇ ਉਸ ਦਾ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿਤਾ, ਜਿਸ ਤੋਂ ਬਾਅਦ ਲੜਕੇ ਦੇ ਪ੍ਰਵਾਰ ਵਾਲਿਆਂ ਨੇ ਆਪਣੇ ਖਰਚੇ 'ਤੇ ਲੜਕੇ ਨੂੰ ਭਾਰਤ ਵਾਪਸ ਬੁਲਾਇਆ ਅਤੇ ਅਜੇ ਤੱਕ ਉਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਉਹ ਅਮਨਦੀਪ ਕੌਰ ਨੂੰ ਵਿਦੇਸ਼ ਭੇਜਣ ਵਿੱਚ ਕਰੀਬ 34 ਲੱਖ ਰੁਪਏ ਖਰਚ ਕਰ ਚੁੱਕੇ ਹਨ।

ਉਨ੍ਹਾਂ ਅਮਨਦੀਪ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਮੰਗ ਕੀਤੀ ਹੈ ਕਿ ਅਮਨਦੀਪ ਨੂੰ ਵਿਦੇਸ਼ ਭੇਜਣ ਲਈ ਉਨ੍ਹਾਂ ਵਲੋਂ ਖਰਚੀ ਗਈ ਰਕਮ ਵਾਪਸ ਕੀਤੀ ਜਾਵੇ ਅਤੇ ਉਸ ਤੇ ਉਸ ਦੇ ਪਰਿਵਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਡੀ.ਐਸ.ਪੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਸ਼ਪਾਲ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਨੂੰਹ ਅਮਨਦੀਪ ਕੌਰ ਨੇ ਉਸ ਦੇ ਲੜਕੇ ਜੁਗਰਾਜ ਸਿੰਘ ਨੂੰ ਪੀ.ਆਰ.ਲਈ ਵਿਦੇਸ਼ ਬੁਲਾਉਣ ਦਾ ਵਾਅਦਾ ਕਰਕੇ ਟਾਲਾ ਵੱਟ ਲਿਆ ਹੈ ਹੈ। ਡੀਐਸਪੀ ਰੈਂਕ ਦੇ ਅਧਿਕਾਰੀ ਵੱਲੋਂ ਜਾਂਚ ਤੋਂ ਬਾਅਦ ਲੜਕੀ ਅਮਨਦੀਪ ਕੌਰ ਅਤੇ ਉਸ ਦੇ ਮਾਪਿਆਂ ਖ਼ਿਲਾਫ਼ ਧੋਖਾਧੜੀ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।