- Updated: January 16, 2024 12:59 PM
ਖਾਲਿਸਤਾਨੀ ਸਮਰਥਕ ਤੇ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇੰਨਾ ਹੀ ਨਹੀਂ ਇਹ ਗਿੱਦੜ ਭਬਕੀ ਦਿੰਦਿਆਂ ਪੰਨੂ ਨੇ ਇਕ ਨਵਾਂ ਵੀਡੀਓ ਜਾਰੀ ਕਰਦੇ ਹੋਏ ਪੰਜਾਬ ਦੇ ਗੈਂਗਸਟਰਾਂ ਨੂੰ ਉਸ ਨਾਲ ਸੰਪਰਕ ਕਰਨ ਲਈ ਕਿਹਾ ਹੈ ਤਾਂ ਕਿ ਇਕ ਵਾਰ ਫਿਰ ਪੰਜਾਬ ਨੂੰ ਅੱਤਵਾਦ ਦੇ ਦੌਰ ਵਿਚ ਧੱਕ ਸਕੇ। ਪੰਨੂ ਨੇ 26 ਜਨਵਰੀ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਗਿੱਦੜ ਭਬਕੀ ਦਿੱਤੀ ਹੈ।
ਪੰਨੂ ਨੇ ਵੀਡੀਓ ਵਿਚ ਪੰਜਾਬ ਵਿਚ ਲਾਅ ਐਂਡ ਆਰਡਰ ਨੂੰ ਸੁਧਾਰਣ ਵਾਲੇ ਪੰਜਾਬ ਪੁਲਸ ਦੇ ਯਤਨਾਂ ਨੂੰ ਗ਼ਲਤ ਦੱਸਿਆ ਹੈ। ਪੰਨੂ ਵੀਡੀਓ ਵਿਚ ਬੀਤੇ ਦਿਨੀਂ ਪੰਜਾਬ ਵਿਚ ਹੋਏ ਐਨਕਾਊਂਟਰਾਂ ਦੀ ਗੱਲ ਕਰ ਰਿਹਾ ਹੈ ਅਤੇ ਪੰਜਾਬ ਤੇ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਨੂੰ ਉਸ ਨਾਲ ਸੰਪਰਕ ਕਰਨ ਲਈ ਆਖ ਰਿਹਾ ਹੈ। ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ ਕਿ ਮੁੱਖ ਮੰਤਰੀ ਜਿੱਥੇ ਵੀ ਤਿਰੰਗਾ ਲਹਿਰਾਉਣਗੇ ਉਥੇ ਮਾਹੌਲ ਖਰਾਬ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਡੀ. ਜੀ. ਪੀ. ਨੂੰ ਵੀ ਧਮਕਾਇਆ ਗਿਆ ਹੈ।